
ਸੰਖੇਪ ਜਾਣਕਾਰੀ
Read the full fact sheet- ਖ਼ਸਰਾ ਇੱਕ ਬਹੁਤ ਤੇਜ਼ੀ ਨਾਲ ਫ਼ੈਲਣ ਵਾਲੀ ਵਾਇਰਸ ਕਾਰਨ ਹੋਣ ਵਾਲੀ ਛੂਤਕਾਰੀ ਬਿਮਾਰੀ ਹੈ। ਇਸ ਨਾਲ ਜ਼ੁਕਾਮ ਜਾਂ ਫ਼ਲੂ ਵਰਗੇ ਲੱਛਣ, ਚਮੜੀ ‘ਤੇ ਧੱਫੜ ਅਤੇ ਬੁਖ਼ਾਰ ਹੋ ਸਕਦਾ ਹੈ।
- ਖ਼ਸਰੇ ਕਾਰਨ ਨਿਮੋਨੀਆ ਅਤੇ ਐਨਸੈਫਲਾਈਟਿਸ (ਦਿਮਾਗ ਵਿੱਚ ਸੋਜ) ਸਮੇਤ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
- ਟੀਕਾਕਰਨ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਰੋਗ-ਪ੍ਰਤੀਰੋਧਕ ਸੁਰੱਖਿਆ ਲਈ ਖ਼ਸਰੇ ਦੇ ਟੀਕੇ ਦੀਆਂ ਦੋ ਖ਼ੁਰਾਕਾਂ ਲੋੜੀਂਦੀਆਂ ਹਨ।
- ਜੇਕਰ ਤੁਹਾਡਾ ਜਨਮ 1966 ਜਾਂ ਇਸ ਤੋਂ ਬਾਅਦ ਹੋਇਆ ਸੀ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਖ਼ਸਰੇ ਦੇ ਟੀਕੇ ਦੀ ਸਿਰਫ਼ ਇੱਕ ਖ਼ੁਰਾਕ ਹੀ ਮਿਲੀ ਹੋਵੇ। ਜੇਕਰ ਤੁਸੀਂ ਦੋ ਖ਼ੁਰਾਕਾਂ ਨਹੀਂ ਲਗਵਾਈਆਂ ਹਨ, ਜਾਂ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਲਗਵਾਈਆਂ ਹਨ ਜਾਂ ਨਹੀਂ, ਤਾਂ ਟੀਕਾਕਰਨ ਕਰਵਾਓ, ਖ਼ਾਸ ਕਰਕੇ ਜੇਕਰ ਤੁਸੀਂ ਵਿਦੇਸ਼ ਯਾਤਰਾ ਕਰਨ ਵਾਲੇ ਹੋ।
- ਮੌਜੂਦਾ ਸਮੇਂ ਵਿੱਚ, ਵਿਦੇਸ਼ ਯਾਤਰਾ ਕਰਨ ਵਾਲੇ 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਖ਼ਸਰੇ ਦਾ ਟੀਕਾ ਲਗਾਇਆ ਜਾ ਸਕਦਾ ਹੈ।
- ਖ਼ਸਰੇ ਦਾ ਟੀਕਾ GP ਕਲੀਨਿਕਾਂ, ਕਮਿਊਨਿਟੀ ਫਾਰਮੇਸੀਆਂ, ਆਦਿਵਾਸੀ ਸਿਹਤ ਸੇਵਾਵਾਂ ਅਤੇ ਸਥਾਨਕ ਕੌਂਸਲਾਂ ਰਾਹੀਂ ਵਿਆਪਕ ਤੌਰ ‘ਤੇ ਉਪਲਬਧ ਹੈ।
- ਰਾਜ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਣ ਵਾਲਾ ਖ਼ਸਰੇ ਦਾ ਟੀਕਾ ਲਗਵਾਉਣ ਲਈ ਮੈਡੀਕੇਅਰ ਕਾਰਡ ਦੀ ਲੋੜ ਨਹੀਂ ਹੈ।
- ਜੇਕਰ ਤੁਹਾਡੇ ਵਿੱਚ ਖ਼ਸਰੇ ਦੇ ਲੱਛਣ ਹਨ, ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ। ਡਾਕਟਰ ਜਾਂ ਕਲੀਨਿਕ ਕੋਲ ਜਾਣ ਤੋਂ ਪਹਿਲਾਂ, ਉਨ੍ਹਾਂ ਨੂੰ ਫ਼ੋਨ ਕਰਕੇ ਦੱਸੋ ਅਤੇ ਲਾਗ ਨੂੰ ਹੋਰਨਾਂ ਤੱਕ ਫ਼ੈਲਣ ਤੋਂ ਰੋਕਣ ਲਈ ਮਾਸਕ ਪਹਿਨੋ।
- ਜਿਹੜੇ ਲੋਕ ਖ਼ਸਰੇ ਦੇ ਸੰਪਰਕ ਵਿੱਚ ਆਏ ਹਨ ਅਤੇ ਜਿਨ੍ਹਾਂ ਕੋਲ ਰੋਗ-ਪ੍ਰਤੀਰੋਧਕ ਸੁਰੱਖਿਆ ਨਹੀਂ ਹੈ, ਉਹ ਰੋਕਥਾਮ ਲਈ ਇਲਾਜ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ, ਇਸ ਲਈ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨਾਲ ਸੰਪਰਕ ਕਰੋ।
On this page
ਵਿਕਟੋਰੀਆ ਵਿੱਚ ਇਸ ਵੇਲੇ ਖ਼ਸਰੇ ਦਾ ਖ਼ਤਰਾ ਵਧਿਆ ਹੋਇਆ ਹੈ।
ਖ਼ਸਰੇ ਦੇ ਫ਼ੈਲੇ ਹੋਣ ਦੀ ਮੌਜੂਦਾ ਸੰਭਾਵਨਾ ਵਾਲੇ ਸਥਾਨਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਵੈੱਬਸਾਈਟ ਵੇਖੋ।
ਖ਼ਸਰੇ ਬਾਰੇ
ਖ਼ਸਰਾ ਇੱਕ ਬਹੁਤ ਤੇਜ਼ੀ ਨਾਲ ਫ਼ੈਲਣ ਵਾਲੀ ਵਾਇਰਸ ਕਾਰਨ ਹੋਣ ਵਾਲੀ ਛੂਤਕਾਰੀ ਬਿਮਾਰੀ ਹੈ। ਇਸ ਨਾਲ ਜ਼ੁਕਾਮ ਜਾਂ ਫ਼ਲੂ ਵਰਗੇ ਲੱਛਣ, ਚਮੜੀ ‘ਤੇ ਧੱਫੜ ਅਤੇ ਬੁਖ਼ਾਰ ਹੋ ਸਕਦਾ ਹੈ। ਇਹ ਨਿਮੋਨੀਆ ਅਤੇ ਐਨਸੈਫਲਾਈਟਿਸ (ਦਿਮਾਗ ਵਿੱਚ ਸੋਜ) ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜੋ ਜਾਨਲੇਵਾ ਵੀ ਹੋ ਸਕਦੀਆਂ ਹਨ।
ਅਤੀਤ ਵਿੱਚ, ਆਸਟ੍ਰੇਲੀਆ ਵਿੱਚ ਖ਼ਸਰਾ ਇੱਕ ਆਮ ਬਿਮਾਰੀ ਸੀ। 1966 ਤੋਂ ਪਹਿਲਾਂ ਜਨਮੇ ਜ਼ਿਆਦਾਤਰ ਲੋਕਾਂ ਨੂੰ ਸੰਭਾਵਿਤ ਤੌਰ ‘ਤੇ ਬਚਪਨ ਵਿੱਚ ਖ਼ਸਰਾ ਹੋਇਆ ਹੋਵੇਗਾ, ਅਤੇ ਉਨ੍ਹਾਂ ਵਿੱਚ ਇਸ ਵਿਰੁੱਧ ਰੋਗ-ਪ੍ਰਤੀਰੋਧਕ ਸੁਰੱਖਿਆ (ਇਮਿਊਨਟੀ) ਹੋਣ ਦੀ ਸੰਭਾਵਨਾ ਹੈ। ਟੀਕਾਕਰਨ ਦੀ ਬਦੌਲਤ, ਹੁਣ ਆਸਟ੍ਰੇਲੀਆ ਵਿੱਚ ਖ਼ਸਰਾ ਬਹੁਤ ਘੱਟ ਹੁੰਦਾ ਹੈ।
ਫਿਰ ਵੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਖ਼ਸਰਾ ਅਜੇ ਵੀ ਆਮ ਹੈ। ਵਿਦੇਸ਼ ਤੋਂ ਆਉਣ ਵਾਲੇ ਲੋਕ ਉਹਨਾਂ ਵਿਅਕਤੀਆਂ ਵਿੱਚ ਖ਼ਸਰਾ ਫ਼ੈਲਾ ਸਕਦੇ ਹਨ ਜਿਨ੍ਹਾਂ ਕੋਲ ਇਸ ਵਿਰੁੱਧ ਰੋਗ-ਪ੍ਰਤੀਰੋਧਕ ਸੁਰੱਖਿਆ ਨਹੀਂ ਹੈ। ਦੁਨੀਆ ਭਰ ਵਿੱਚ, ਖ਼ਸਰਾ ਅਜੇ ਵੀ ਬੱਚਿਆਂ ਵਿੱਚ ਬਿਮਾਰੀ ਅਤੇ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਖ਼ਸਰੇ ਦੇ ਲੱਛਣ
ਖ਼ਸਰੇ ਦੇ ਪਹਿਲੇ ਲੱਛਣ ਆਮ ਤੌਰ ‘ਤੇ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ 7 ਤੋਂ 18 ਦਿਨਾਂ ਬਾਅਦ ਦਿਖਾਈ ਦਿੰਦੇ ਹਨ ਅਤੇ ਇਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਬੁਖ਼ਾਰ
- ਆਮ ਤੌਰ 'ਤੇ ਬਿਮਾਰ ਮਹਿਸੂਸ ਕਰਨਾ (ਬੇਚੈਨੀ) ਜਾਂ ਥਕਾਵਟ ਮਹਿਸੂਸ ਕਰਨਾ
- ਖੰਘ
- ਨੱਕ ਵਗਣਾ
- ਅੱਖਾਂ ਵਿੱਚ ਦਰਦ ਅਤੇ ਲਾਲੀ (ਕੰਜਕਟਿਵਾਈਟਿਸ)
- ਦਸਤ (ਖ਼ਾਸ ਕਰਕੇ ਬੱਚਿਆਂ ਵਿੱਚ)
- ਮੂੰਹ ਵਿੱਚ ਚਿੱਟੇ ਧੱਬੇ (ਜਿਨ੍ਹਾਂ ਨੂੰ ਕੋਪਲਿਕ ਸਪਾਟ ਕਿਹਾ ਜਾਂਦਾ ਹੈ)।
ਕੁੱਝ ਦਿਨਾਂ ਬਾਅਦ ਲਾਲ ਰੰਗ ਦੇ ਧੱਬੇਦਾਰ ਧੱਫੜ ਨਿਕਲਦੇ ਹਨ, ਜਿਨ੍ਹਾਂ ਵਿੱਚ ਆਮ ਤੌਰ ‘ਤੇ ਖੁਜਲੀ ਨਹੀਂ ਹੁੰਦੀ ਹੈ। ਇਹ ਆਮ ਤੌਰ ‘ਤੇ ਚਿਹਰੇ ਅਤੇ ਗਰਦਨ ਤੋਂ ਸ਼ੁਰੂ ਹੁੰਦੇ ਹਨ, ਫਿਰ ਸਰੀਰ ਦੇ ਹੇਠਲੇ ਹਿੱਸਿਆਂ ਤੱਕ ਫ਼ੈਲ ਜਾਂਦੇ ਹਨ ਅਤੇ 4 ਤੋਂ 7 ਦਿਨਾਂ ਤੱਕ ਰਹਿ ਸਕਦੇ ਹਨ।
ਜੇਕਰ ਤੁਹਾਡੇ ਵਿੱਚ ਖ਼ਸਰੇ ਦੇ ਲੱਛਣ ਹਨ, ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਾਪਤ ਕਰੋ। ਡਾਕਟਰ ਜਾਂ ਕਲੀਨਿਕ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਫ਼ੋਨ ਕਰਕੇ ਦੱਸੋ, ਅਤੇ ਲਾਗ ਨੂੰ ਹੋਰਨਾਂ ਤੱਕ ਫ਼ੈਲਣ ਤੋਂ ਰੋਕਣ ਲਈ ਮਾਸਕ ਪਹਿਨੋ।

ਚਿੱਤਰ: ਖ਼ਸਰੇ ਦੇ ਆਮ ਧੱਫੜਾਂ ਦੀ ਇੱਕ ਉਦਾਹਰਨ
ਖ਼ਸਰੇ ਨਾਲ ਹੋਣ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ
ਹੇਠਾਂ ਦਿੱਤੇ ਕੁੱਝ ਸਮੂਹਾਂ ਵਿੱਚ ਖ਼ਸਰੇ ਕਾਰਨ ਗੰਭੀਰ ਬਿਮਾਰ ਅਤੇ ਪੇਚੀਦਗੀਆਂ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ:
- ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕ
- 5 ਸਾਲ ਤੋਂ ਘੱਟ ਉਮਰ ਦੇ ਬੱਚੇ
- ਗਰਭਵਤੀ ਔਰਤਾਂ।
ਖ਼ਸਰੇ ਨਾਲ ਪੀੜਤ ਲਗਭਗ ਤਿੰਨ ਵਿੱਚੋਂ ਇੱਕ ਵਿਅਕਤੀ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਅਤੇ ਉਸਨੂੰ ਹਸਪਤਾਲ ਜਾਣ ਦੀ ਲੋੜ ਪੈ ਸਕਦੀ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਕੰਨ ਦੀ ਲਾਗ, ਦਸਤ, ਨਮੂਨੀਆ ਅਤੇ ਐਨਸੈਫਲਾਈਟਿਸ (ਦਿਮਾਗ ਵਿੱਚ ਸੋਜ) ਸ਼ਾਮਲ ਹਨ, ਐਨਸੈਫਲਾਈਟਿਸ ਖ਼ਸਰੇ ਨਾਲ ਪੀੜਤ ਲਗਭਗ ਹਰ 1,000 ਵਿੱਚੋਂ 1 ਵਿਅਕਤੀ ਨੂੰ ਹੋ ਸਕਦੀ ਹੈ।
ਖ਼ਸਰਾ ਗਰਭ ਅਵਸਥਾ ਦੌਰਾਨ ਗਰਭਪਾਤ ਤੋਂ, ਸਮੇਂ ਤੋਂ ਪਹਿਲਾਂ ਬੱਚੇ ਦੇ ਜਨਮ ਅਤੇ ਘੱਟ ਵਜ਼ਨ ਵਾਲੇ ਬੱਚੇ ਦੇ ਜਨਮ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧਾ ਦਿੰਦਾ ਹੈ।
ਖ਼ਸਰਾ ਕਿਵੇਂ ਫ਼ੈਲਦਾ ਹੈ?
ਖ਼ਸਰਾ ਮੁੱਖ ਤੌਰ ‘ਤੇ ਉਦੋਂ ਫ਼ੈਲਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਲਾਗ ਵਾਲੇ ਵਿਅਕਤੀ ਵੱਲੋਂ ਖੰਘਣ ਜਾਂ ਛਿੱਕਣ ਨਾਲ ਹਵਾ ਵਿੱਚ ਛੱਡੇ ਗਏ ਵਾਇਰਸ ਨੂੰ ਸਾਹ ਰਾਹੀਂ ਅੰਦਰ ਲੈਂਦਾ ਹੈ। ਇਹ ਨੱਕ ਜਾਂ ਗਲੇ ਦੇ ਰਸਾਂ ਦੇ ਸੰਪਰਕ ਰਾਹੀਂ ਅਤੇ ਦੂਸ਼ਿਤ ਤਲਾਂ ਜਾਂ ਵਸਤੂਆਂ ਨੂੰ ਛੂਹਣ ਰਾਹੀਂ ਵੀ ਫ਼ੈਲ ਸਕਦਾ ਹੈ।
ਖ਼ਸਰੇ ਦਾ ਵਾਇਰਸ ਹਵਾ ਵਿੱਚ ਜਾਂ ਸਤ੍ਹਾਵਾਂ ‘ਤੇ 2 ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ। ਕੇਵਲ ਖ਼ਸਰੇ ਵਾਲੇ ਵਿਅਕਤੀ ਦੇ ਨਾਲ ਇੱਕੋ ਕਮਰੇ ਵਿੱਚ ਮੌਜੂਦ ਹੋਣਾ ਵੀ ਲਾਗ ਲੱਗਣ ਦਾ ਕਾਰਨ ਬਣ ਸਕਦਾ ਹੈ।
ਖ਼ਸਰੇ ਵਾਲੇ ਲੋਕ ਲੱਛਣ ਦਿਖਾਈ ਦੇਣ ਤੋਂ 24 ਘੰਟੇ ਪਹਿਲਾਂ ਤੋਂ ਲੈ ਕੇ ਧੱਫੜ ਦਿਖਾਈ ਦੇਣ ਤੋਂ 4 ਦਿਨ ਬਾਅਦ ਤੱਕ ਛੂਤ ਵਾਲੇ ਹੁੰਦੇ ਹਨ।
ਖ਼ਸਰੇ ਦੀ ਜਾਂਚ
ਤੁਹਾਡਾ ਡਾਕਟਰ ਲੱਛਣਾਂ, ਸਰੀਰਕ ਜਾਂਚ ਅਤੇ ਡਾਕਟਰੀ ਇਤਿਹਾਸ ਦੇ ਆਧਾਰ ‘ਤੇ ਖ਼ਸਰੇ ਦੀ ਪਛਾਣ ਕਰਦਾ ਹੈ, ਜਿਸ ਵਿੱਚ ਟੀਕਾਕਰਨ ਅਤੇ ਯਾਤਰਾ ਦਾ ਇਤਿਹਾਸ ਵੀ ਸ਼ਾਮਲ ਹੁੰਦਾ ਹੈ। ਜਾਂਚ ਦੀ ਪੁਸ਼ਟੀ ਹੇਠਾਂ ਦਿੱਤੀਆਂ ਟੈਸਟਾਂ ਰਾਹੀਂ ਕੀਤੀ ਜਾਂਦੀ ਹੈ:
- ਨੱਕ ਅਤੇ ਗਲੇ ਦਾ ਸਵੈਬ
- ਪਿਸ਼ਾਬ ਦੇ ਨਮੂਨੇ
- ਖ਼ੂਨ ਦੀ ਜਾਂਚ।
ਰੋਗ ਦੀ ਪੁਸ਼ਟੀ ਕਰਨਾ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਉਹਨਾਂ ਲੋਕਾਂ ਦੀ ਜਨਤਕ ਸਿਹਤ ਸੰਬੰਧੀ ਜਾਂਚ ਅਤੇ ਫਾਲੋ-ਅੱਪ ਕੀਤਾ ਜਾ ਸਕਦਾ ਹੈ, ਜੋ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ ਅਤੇ ਲਾਗ ਦੇ ਖ਼ਤਰੇ ਵਿੱਚ ਹਨ।
ਜੇਕਰ ਖ਼ਸਰਾ ਹੋਣ ਦਾ ਸ਼ੱਕ ਹੋਵੇ, ਤਾਂ ਹੋਰ ਸਲਾਹ ਮਿਲਣ ਤੱਕ ਘਰ ਵਿੱਚ ਰਹੋ। ਕੰਮ ‘ਤੇ, ਸਕੂਲ ਵਿੱਚ ਜਾਂ ਸੁਪਰਮਾਰਕੀਟਾਂ ਵਰਗੀਆਂ ਜਨਤਕ ਥਾਵਾਂ ‘ਤੇ ਨਾ ਜਾਓ।
ਖ਼ਸਰੇ ਦਾ ਇਲਾਜ
ਖ਼ਸਰੇ ਲਈ ਕੋਈ ਖ਼ਾਸ ਇਲਾਜ ਉਪਲਬਧ ਨਹੀਂ ਹੈ। ਖ਼ਸਰੇ ਤੋਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕੁੱਝ ਹਫ਼ਤੇ ਲੱਗ ਸਕਦੇ ਹਨ। ਐਂਟੀਬਾਇਓਟਿਕ ਦਵਾਈਆਂ ਅਸਰਦਾਰ ਨਹੀਂ ਹੁੰਦੀਆਂ, ਕਿਉਂਕਿ ਇਹ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ।
ਖ਼ਸਰੇ ਵਾਲੇ ਲੋਕਾਂ ਨੂੰ:
- ਘਰ ਰਹਿਣਾ ਚਾਹੀਦਾ ਹੈ
- ਆਰਾਮ ਕਰਨਾ ਚਾਹੀਦਾ ਹੈ
- ਵੱਧ ਤੋਂ ਵੱਧ ਤਰਲ ਪਦਾਰਥ ਪੀਣੇ ਚਾਹੀਦੇ ਹਨ
- ਬੁਖ਼ਾਰ ਲਈ ਪੈਰਾਸੀਟਾਮੋਲ ਲੈਣੀ ਚਾਹੀਦੀ ਹੈ।
ਗੰਭੀਰ ਤੌਰ ‘ਤੇ ਬਿਮਾਰ ਲੋਕਾਂ ਨੂੰ ਹਸਪਤਾਲ ਜਾਣ ਦੀ ਲੋੜ ਪੈ ਸਕਦੀ ਹੈ।
ਖ਼ਸਰੇ ਦਾ ਟੀਕਾਕਰਨ
ਖ਼ਸਰੇ ਵਿਰੁੱਧ ਟੀਕਾਕਰਨ ਕਰਵਾਉਣਾ ਖ਼ਸਰੇ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ। ਖ਼ਸਰੇ ਦੇ ਟੀਕੇ ਦੀਆਂ ਦੋ ਖ਼ੁਰਾਕਾਂ 99% ਲੋਕਾਂ ਨੂੰ ਲੰਬੇ ਸਮੇਂ ਲਈ ਸੁਰੱਖਿਆ ਪ੍ਰਦਾਨ ਕਰਦੀਆਂ ਹਨ।
ਖ਼ਸਰੇ ਦਾ ਟੀਕਾ ਮੁਫ਼ਤ ਹੈ ਅਤੇ GP ਕਲੀਨਿਕਾਂ, ਕਮਿਊਨਿਟੀ ਫਾਰਮੇਸੀਆਂ, ਆਦਿਵਾਸੀ ਸਿਹਤ ਸੇਵਾਵਾਂ ਅਤੇ ਸਥਾਨਕ ਕੌਂਸਲਾਂ ਦੀਆਂ ਟੀਕਾਕਰਨ ਸੇਵਾਵਾਂ ਰਾਹੀਂ ਉਪਲਬਧ ਹੈ।
ਵਿਕਟੋਰੀਆ ਸਰਕਾਰ ਵੱਲੋਂ ਫ਼ੰਡ ਕੀਤਾ ਗਿਆ ਖ਼ਸਰੇ ਦਾ ਟੀਕਾਕਰਨ ਪ੍ਰੋਗਰਾਮ
ਵਿਕਟੋਰੀਆ ਵਿੱਚ ਤੁਸੀਂ ਖ਼ਸਰੇ ਦਾ ਟੀਕਾ ਮੁਫ਼ਤ ਲਗਵਾ ਸਕਦੇ ਹੋ, ਜੇਕਰ ਤੁਹਾਡਾ ਜਨਮ 1966 ਜਾਂ ਇਸ ਤੋਂ ਬਾਅਦ ਹੋਇਆ ਹੈ ਅਤੇ:
- ਤੁਸੀਂ ਖ਼ਸਰੇ ਦੇ ਕਿਸੇ ਜ਼ਾਇਜ਼ ਟੀਕੇ ਦੀਆਂ ਦੋ ਦਸਤਾਵੇਜ਼ੀ ਖ਼ੁਰਾਕਾਂ ਨਹੀਂ ਲਈਆਂ ਹਨ, ਜਾਂ
- ਤੁਹਾਡੇ ਕੋਲ ਰੋਗ-ਪ੍ਰਤੀਰੋਧਕ ਸੁਰੱਖਿਆ ਦਰਸਾਉਣ ਵਾਲੀ ਖ਼ੂਨ ਦੀ ਜਾਂਚ ਦੀ ਰਿਪੋਰਟ ਨਹੀਂ ਹੈ।
6 ਮਹੀਨੇ ਤੋਂ ਵੱਧ ਅਤੇ 12 ਮਹੀਨੇ ਤੋਂ ਘੱਟ ਉਮਰ ਦੇ ਉਹਨਾਂ ਬੱਚਿਆਂ ਲਈ ਵੀ ਖ਼ਸਰੇ ਦਾ ਮੁਫ਼ਤ ਖ਼ਸਰਾ ਟੀਕਾ ਉਪਲਬਧ ਹੈ ਜੋ ਵਿਦੇਸ਼ ਯਾਤਰਾ ਕਰਨ ਵਾਲੇ ਹਨ। ਜੇਕਰ ਬੱਚੇ ਨੂੰ 11 ਮਹੀਨੇ ਦੀ ਉਮਰ ਤੋਂ ਪਹਿਲਾਂ ਟੀਕਾ ਲਗਾਇਆ ਜਾਂਦਾ ਹੈ, ਤਾਂ ਉਸਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਸ਼ਡਿਊਲ ਦੇ ਅਨੁਸਾਰ ਫਿਰ ਵੀ 12 ਅਤੇ 18 ਮਹੀਨੇ ਦੀ ਉਮਰ ਵਿੱਚ ਦੋ ਹੋਰ ਖ਼ੁਰਾਕਾਂ ਦੀ ਲੋੜ ਹੋਵੇਗੀ।
ਤੁਹਾਨੂੰ ਰਾਜ ਸਰਕਾਰ ਵੱਲੋਂ ਫ਼ੰਡ ਕੀਤੇ ਗਏ ਖ਼ਸਰੇ ਦੇ ਟੀਕੇ ਲਈ ਮੈਡੀਕੇਅਰ ਕਾਰਡ ਦੀ ਲੋੜ ਨਹੀਂ ਹੈ।
ਰਾਸ਼ਟਰੀ ਟੀਕਾਕਰਨ ਪ੍ਰੋਗਰਾਮ
ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਸ਼ਡਿਊਲ ਦੇ ਅਧੀਨ ਖ਼ਸਰੇ ਦਾ ਟੀਕਾ ਹੇਠਾਂ ਦਿੱਤੇ ਲੋਕਾਂ ਲਈ ਮੁਫ਼ਤ ਉਪਲਬਧ ਹੈ:
- 12 ਮਹੀਨੇ ਦੀ ਉਮਰ ਦੇ ਬੱਚੇ ਲਈ (ਖ਼ਸਰਾ-ਕਨੇਡੂ-ਰੁਬੈਲਾ ਦਾ ਟੀਕਾ)
- 18 ਮਹੀਨੇ ਦੀ ਉਮਰ ਦੇ ਬੱਚੇ ਲਈ (ਖ਼ਸਰਾ-ਕਨੇਡੂ-ਰੁਬੈਲਾ-ਚਿਕਨਪੌਕਸ ਦਾ ਟੀਕਾ)।
ਮੁਫ਼ਤ ਕੈਚ-ਅੱਪ ਖ਼ਸਰਾ ਟੀਕਾਕਰਨ ਹੇਠਾਂ ਦਿੱਤੇ ਲੋਕਾਂ ਲਈ ਉਪਲਬਧ ਹੈ:
- 20 ਸਾਲ ਤੱਕ ਦੀ ਉਮਰ ਦੇ ਉਹ ਲੋਕ, ਜਿਨ੍ਹਾਂ ਦਾ ਪੂਰਾ ਟੀਕਾਕਰਨ ਨਹੀਂ ਹੋਇਆ ਹੈ
- 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਨਾਰਥੀ ਅਤੇ ਮਾਨਵਤਾਵਾਦੀ ਪ੍ਰੋਗਰਾਮਾਂ ਤਹਿਤ ਆਏ ਲੋਕ।
ਸੰਯੁਕਤ ਖ਼ਸਰੇ ਦੇ ਟੀਕੇ ਸੁਰੱਖਿਅਤ ਹਨ, ਅਤੇ ਇੱਕੋ ਸਮੇਂ ਕਈ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ, ਜਿਸ ਨਾਲ ਵੱਖ-ਵੱਖ ਟੀਕਿਆਂ ਦੀ ਲੋੜ ਘੱਟ ਹੋ ਜਾਂਦੀ ਹੈ। ਆਸਟ੍ਰੇਲੀਆ ਵਿੱਚ ਖ਼ਸਰੇ, ਕਨੇਡੂ ਅਤੇ ਰੁਬੈਲਾ ਲਈ ਵੱਖ-ਵੱਖ ਟੀਕੇ ਉਪਲਬਧ ਨਹੀਂ ਹਨ।
ਇਹ ਪਤਾ ਕਰੋ ਕਿ ਕੀ ਤੁਹਾਡਾ ਖ਼ਸਰੇ ਵਿਰੁੱਧ ਟੀਕਾਕਰਨ ਹੋਇਆ ਹੈ?
ਇਹ ਜਾਣਨ ਲਈ ਕਿ ਕੀ ਤੁਹਾਡਾ ਖ਼ਸਰੇ ਵਿਰੁੱਧ ਟੀਕਾਕਰਨ ਹੋਇਆ ਹੈ:
- ਆਸਟ੍ਰੇਲੀਆਈ ਟੀਕਾਕਰਨ ਰਜਿਸਟਰ (AIR) ‘ਤੇ ਆਪਣੇ ਟੀਕਾਕਰਨ ਦੇ ਰਿਕਾਰਡ ਵੇਖੋ – ਇਹ ਇੱਕ ਰਾਸ਼ਟਰੀ ਰਜਿਸਟਰ ਹੈ ਜੋ ਆਸਟ੍ਰੇਲੀਆ ਵਿੱਚ ਹਰ ਉਮਰ ਦੇ ਲੋਕਾਂ ਨੂੰ ਲਗਾਏ ਗਏ ਟੀਕਿਆਂ ਦਾ ਰਿਕਾਰਡ ਰੱਖਦਾ ਹੈ।
- ਆਪਣੇ ਡਾਕਟਰ ਜਾਂ ਟੀਕਾਕਰਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ (ਜੇਕਰ ਟੀਕਾਕਰਨ ਉਨ੍ਹਾਂ ਵੱਲੋਂ ਕੀਤਾ ਗਿਆ ਸੀ) ਅਤੇ ਆਪਣੇ ਟੀਕਾਕਰਨ ਦੇ ਰਿਕਾਰਡ ਮੰਗੋ।
ਆਪਣੇ ਟੀਕਾਕਰਨ ਰਿਕਾਰਡਾਂ ਨੂੰ ਕਿਵੇਂ ਲੱਭਣਾ ਹੈ, ਇਸ ਬਾਰੇ ਹੋਰ ਜਾਣਕਾਰੀ ਪੜ੍ਹੋ।
ਖ਼ਸਰੇ ਦਾ ਟੀਕਾ ਦੋ ਤੋਂ ਵੱਧ ਵਾਰ ਲਗਵਾਉਣਾ ਵੀ ਸੁਰੱਖਿਅਤ ਹੈ। ਜੇਕਰ ਤੁਹਾਨੂੰ ਇਹ ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਵਿੱਚ ਖ਼ਸਰੇ ਵਿਰੁੱਧ ਰੋਗ-ਪ੍ਰਤੀਰੋਧਕ ਸੁਰੱਖਿਆ ਹੈ ਜਾਂ ਨਹੀਂ, ਤਾਂ ਕੈਚ-ਅੱਪ ਖ਼ਸਰਾ ਟੀਕਾਕਰਨ ਲਈ ਆਪਣੇ GP (ਪਰਿਵਾਰਕ ਡਾਕਟਰ) ਜਾਂ ਫਾਰਮੇਸੀ ਨਾਲ ਸੰਪਰਕ ਕਰੋ।
ਯਾਤਰੀਆਂ ਲਈ
ਆਸਟ੍ਰੇਲੀਆ ਵਿੱਚ ਖ਼ਸਰੇ ਦੇ ਮਾਮਲਿਆਂ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰਾ ਹੈ। ਸਾਰੇ ਯਾਤਰੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਆਪਣੀ ਟੀਕਾਕਰਨ ਸਥਿਤੀ ਦੀ ਜਾਂਚ ਕਰ ਲੈਣੀ ਚਾਹੀਦੀ ਹੈ।
ਵਿਦੇਸ਼ ਯਾਤਰਾ ਕਰਨ ਵਾਲੇ ਬੱਚਿਆਂ ਨੂੰ 6 ਮਹੀਨੇ ਦੀ ਉਮਰ ਤੋਂ ਖ਼ਸਰੇ ਦਾ ਟੀਕਾ ਲਗਾਇਆ ਜਾ ਸਕਦਾ ਹੈ। ਜੇਕਰ ਬੱਚੇ ਨੂੰ 11 ਮਹੀਨੇ ਦੀ ਉਮਰ ਤੋਂ ਪਹਿਲਾਂ ਟੀਕਾ ਲਗਾਇਆ ਜਾਂਦਾ ਹੈ, ਤਾਂ ਉਸਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਸ਼ਡਿਊਲ ਦੇ ਅਨੁਸਾਰ ਫਿਰ ਵੀ 12 ਅਤੇ 18 ਮਹੀਨੇ ਦੀ ਉਮਰ ਵਿੱਚ ਦੋ ਹੋਰ ਖ਼ੁਰਾਕਾਂ ਦੀ ਲੋੜ ਹੋਵੇਗੀ।
ਜੇਕਰ ਤੁਹਾਨੂੰ ਖ਼ਸਰਾ ਹੈ ਜਾਂ ਤੁਸੀਂ ਖ਼ਸਰੇ ਦੇ ਸੰਪਰਕ ਵਿੱਚ ਆਏ ਹੋ
ਜੇਕਰ ਤੁਹਾਨੂੰ ਖ਼ਸਰਾ ਹੈ
ਜਦੋਂ ਤੱਕ ਤੁਸੀਂ ਹੋਰਨਾਂ ਲਈ ਛੂਤਕਾਰੀ ਨਾ ਰਹੋ, ਉਦੋਂ ਤੱਕ ਘਰ ਵਿੱਚ ਰਹੋ। ਇਹ ਆਮ ਤੌਰ ‘ਤੇ ਧੱਫੜ ਨਿਕਲਣ ਤੋਂ ਬਾਅਦ ਚੌਥੇ ਦਿਨ ਦੇ ਅੰਤ ਤੱਕ ਅਤੇ ਤੁਹਾਡੇ ਠੀਕ ਮਹਿਸੂਸ ਕਰਨ ਤੱਕ ਹੁੰਦਾ ਹੈ। ਜਦੋਂ ਤੱਕ ਤੁਸੀਂ ਹੋਰਨਾਂ ਲਈ ਛੂਤਕਾਰੀ ਹੁੰਦੇ ਹੋ, ਉਦੋਂ ਤੱਕ ਕੰਮ ‘ਤੇ, ਸਕੂਲ ਵਿੱਚ ਜਾਂ ਕਿਸੇ ਵੀ ਜਨਤਕ ਥਾਂ ‘ਤੇ ਨਾ ਜਾਓ।
ਆਪਣੇ ਘਰ ਤੋਂ ਬਾਹਰ ਦੇ ਲੋਕਾਂ ਨਾਲ ਸੰਪਰਕ ਤੋਂ ਬਚੋ, ਖ਼ਾਸ ਕਰਕੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਵਿੱਚ ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕ, ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਸ਼ਾਮਲ ਹਨ।
ਖ਼ਸਰੇ ਵਾਲੇ ਬੱਚਿਆਂ ਨੂੰ ਧੱਫੜ ਨਿਕਲਣ ਤੋਂ ਘੱਟੋ-ਘੱਟ 4 ਦਿਨ ਬਾਅਦ ਤੱਕ ਪ੍ਰਾਇਮਰੀ ਸਕੂਲ ਜਾਂ ਸ਼ੁਰੂਆਤੀ ਬਚਪਨ ਸਿੱਖਿਆ ਅਤੇ ਦੇਖਭਾਲ ਸੇਵਾਵਾਂ ਵਿੱਚ ਨਹੀਂ ਜਾਣਾ ਚਾਹੀਦਾ ਹੈ।
ਜੇਕਰ ਤੁਸੀਂ ਖ਼ਸਰੇ ਦੇ ਸੰਪਰਕ ਵਿੱਚ ਆਏ ਹੋ, ਤਾਂ
ਇਹ ਵੇਖਣ ਲਈ ਵਿਕਟੋਰੀਆ ਵਿੱਚ ਖ਼ਸਰੇ ਨਾਲ ਸੰਬੰਧਿਤ ਜਨਤਕ ਸੰਪਰਕ ਸਥਾਨਾਂ ਵਾਲਾ ਪੰਨਾ ਵੇਖੋ ਕਿ ਕੀ ਤੁਸੀਂ ਕਿਸੇ ਅਜਿਹੀ ਥਾਂ ‘ਤੇ ਗਏ ਸੀ ਜਿੱਥੇ ਖ਼ਸਰੇ ਵਾਲਾ ਕੋਈ ਵਿਅਕਤੀ ਮੌਜੂਦ ਸੀ।
ਜੇਕਰ ਤੁਹਾਡਾ ਖ਼ਸਰੇ ਵਾਲੇ ਕਿਸੇ ਵਿਅਕਤੀ ਨਾਲ ਸੰਪਰਕ ਹੋਇਆ ਹੈ, ਤਾਂ ਸੰਪਰਕ ਤੋਂ ਬਾਅਦ 18 ਦਿਨਾਂ ਤੱਕ ਲੱਛਣਾਂ ‘ਤੇ ਨਜ਼ਰ ਰੱਖੋ।
ਜੇਕਰ ਤੁਹਾਡੇ ਵਿੱਚ ਖ਼ਸਰੇ ਵਿਰੁੱਧ ਪੂਰੀ ਰੋਗ-ਪ੍ਰਤੀਰੋਧਕ ਸੁਰੱਖਿਆ ਨਹੀਂ ਹੈ, ਜਾਂ ਤੁਹਾਨੂੰ ਇਸ ਬਾਰੇ ਪੱਕਾ ਨਹੀਂ ਪਤਾ ਹੈ, ਤਾਂ ਤੁਸੀਂ ਰੋਕਥਾਮ ਲਈ ਇਲਾਜ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ — ਜਿਵੇਂ ਕਿ ਖ਼ਸਰੇ ਦਾ ਟੀਕਾ (ਸੰਪਰਕ ਤੋਂ 3 ਦਿਨਾਂ ਦੇ ਅੰਦਰ) ਜਾਂ ਕੁੱਝ ਲੋਕਾਂ ਲਈ ਇਮਿਊਨੋਗਲੋਬੁਲਿਨ ਦਾ ਟੀਕਾ (ਸੰਪਰਕ ਤੋਂ 6 ਦਿਨਾਂ ਦੇ ਅੰਦਰ)। ਡਾਕਟਰ ਜਾਂ ਕਲੀਨਿਕ ਕੋਲ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਫ਼ੋਨ ਕਰਕੇ ਦੱਸੋ, ਅਤੇ ਲਾਗ ਨੂੰ ਹੋਰਨਾਂ ਤੱਕ ਫ਼ੈਲਣ ਤੋਂ ਰੋਕਣ ਲਈ ਮਾਸਕ ਪਹਿਨੋ।
ਜਿਹੜੇ ਬੱਚੇ ਖ਼ਸਰੇ ਦੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਨੂੰ ਪ੍ਰਾਇਮਰੀ ਸਕੂਲ, ਸ਼ੁਰੂਆਤੀ ਬਚਪਨ ਸਿੱਖਿਆ ਜਾਂ ਦੇਖਭਾਲ ਸੇਵਾਵਾਂ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਰੋਕਥਾਮ ਲਈ ਇਲਾਜ ਵੀ ਨਹੀਂ ਮਿਲਿਆ।
ਮਦਦ ਕਿੱਥੋਂ ਲੈਣੀ ਹੈ?
- ਐਮਰਜੈਂਸੀ ਵਿੱਚ, ਹਮੇਸ਼ਾ ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰੋ।
- ਤੁਹਾਡੇ ਨਜ਼ਦੀਕੀ ਹਸਪਤਾਲ ਦਾ ਐਮਰਜੈਂਸੀ ਵਿਭਾਗ
- ਵਰਚੂਅਲ ਐਮਰਜੈਂਸੀ ਕੇਅਰ
- ਅਰਜੈਂਟ ਕੇਅਰ ਕਲੀਨਿਕ - ਜਦੋਂ ਤੁਰੰਤ ਸਿਹਤ ਸੇਵਾ ਦੀ ਲੋੜ ਹੋਵੇ ਪਰ ਸਥਿਤੀ ਜਾਨਲੇਵਾ ਨਾ ਹੋਵੇ।
- ਆਪਣੇ GP (ਪਰਿਵਾਰਕ ਡਾਕਟਰ) ਨਾਲ ਸੰਪਰਕ ਕਰੋ।
- ਨਰਸ-ਔਨ-ਕਾਲ ਟੈਲੀਫ਼ੋਨ: 1300 606 024 - ਮਾਹਰ ਸਿਹਤ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ)
- ਸਥਾਨਕ ਸਰਕਾਰ ਦੀ ਟੀਕਾਕਰਨ ਸੇਵਾ
- ਮੈਟਰਨਲ ਐਂਡ ਚਾਈਲਡ ਹੈਲਥ ਲਾਈਨ, ਟੈਲੀਫ਼ੋਨ: 13 22 29 (24 ਘੰਟੇ, 7 ਦਿਨ)
- ਟੀਕਾਕਰਨ ਪ੍ਰੋਗਰਾਮ, ਵਿਕਟੋਰੀਅਨ ਡਿਪਾਰਟਮੈਂਟ ਆਫ਼ ਹੈਲਥ
- ਨੈਸ਼ਨਲ ਇਮਯੂਨਾਈਜ਼ੇਸ਼ਨ ਇਨਫਰਮੇਸ਼ਨ ਲਾਈਨ, ਟੈਲੀਫ਼ੋਨ: 1800 671 811
- ਫਾਰਮਾਸਿਸਟ
- SAEFVIC ਟੈਲੀਫ਼ੋਨ 1300 882 924 – ਟੀਕਾਕਰਨ ਪ੍ਰਤੀ ਅਚਾਨਕ ਜਾਂ ਗੰਭੀਰ ਪ੍ਰਤੀਕ੍ਰਿਆਵਾਂ ਦੀ ਰਿਪੋਰਟ ਕਰਨ ਲਈ
- Sharing knowledge about Immunisation, Measles, National Centre for Immunisation Research and Surveillance.
- Australian Immunisation Handbook, Department of Health and Aged Care, Australian Government.
- Immunisation schedule Victoria and vaccine eligibility criteria, Department of Health, Victorian Government.
- Measles, Department of Health, Victorian Government.
This page has been produced in consultation with and approved by:


