ਸੰਖੇਪ ਜਾਣਕਾਰੀ
Read the full fact sheet- ਠੰਢੇ ਰਹੋ: ਏਅਰ ਕੰਡੀਸ਼ਨਿੰਗ ਅਤੇ/ਜਾਂ ਪੱਖੇ ਦੀ ਵਰਤੋਂ ਕਰੋ। ਹਲਕੇ ਅਤੇ ਢਿੱਲੇ ਕੱਪੜੇ ਪਹਿਨੋ। ਸਪਰੇਅ ਬੋਤਲ ਜਾਂ ਗਿੱਲੀ ਸਪੰਜ ਦੀ ਵਰਤੋਂ ਕਰਕੇ ਆਪਣੀ ਚਮੜੀ ਨੂੰ ਗਿੱਲਾ ਰੱਖੋ। ਠੰਢੇ ਸ਼ਾਵਰ ਲਓ ਜਾਂ ਪੈਰਾਂ ਨੂੰ ਠੰਢੇ ਪਾਣੀ ਵਿੱਚ ਭਿਓਵੋ।
- ਹਾਈਡਰੇਟਿਡ ਰਹੋ: ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ, ਪਿਆਸ ਲੱਗਣ ਤੋਂ ਪਹਿਲਾਂ ਹੀ ਪਾਣੀ ਪੀਂਦੇ ਰਹੋ, ਖ਼ਾਸ ਕਰਕੇ ਜੇ ਤੁਸੀਂ ਬਾਹਰ ਹੋ ਜਾਂ ਸਰੀਰਕ ਗਤੀਵਿਧੀ ਕਰ ਰਹੇ ਹੋ।
- ਅਗਾਊਂ ਯੋਜਨਾ ਬਣਾਓ: ਗਰਮੀ ਆਉਣ ਤੋਂ ਪਹਿਲਾਂ ਜ਼ਰੂਰੀ ਭੋਜਨ ਅਤੇ ਦਵਾਈਆਂ ਇਕੱਠੀਆਂ ਕਰ ਲਵੋ। ਗਤੀਵਿਧੀਆਂ ਨੂੰ ਰੱਦ ਕਰੋ ਜਾਂ ਦਿਨ ਦੇ ਠੰਢੇ ਸਮੇਂ ਵਿੱਚ ਕਰਨ ਲਈ ਦੁਬਾਰਾ ਤਹਿ ਕਰੋ। ਬਹੁਤ ਜ਼ਿਆਦਾ ਗਰਮੀ ਵਿੱਚ ਕਸਰਤ ਕਰਨ ਅਤੇ ਬਾਹਰ ਜਾਣ ਤੋਂ ਬਚੋ।
- ਆਪਣੇ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਦੀ ਖ਼ੈਰੀਅਤ ਪੁੱਛਦੇ ਰਹੋ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਠੀਕ ਹੋ ਜਾਂ ਤੁਹਾਨੂੰ ਮੱਦਦ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨਾਲ ਸੰਪਰਕ ਕਰੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਤੁਹਾਡੀ ਸਹਾਇਤਾ ਦੀ ਲੋੜ ਹੋ ਸਕਦੀ ਹੈ।
- ਮੌਸਮ ਦੀ ਭਵਿੱਖਬਾਣੀ ਅਤੇ ਮੌਸਮ ਵਿਭਾਗ ਵੱਲੋ ਜਾਰੀ ਕੀਤੀਆਂ ਲੂੰਅ (ਹੀਟਵੇਵ) ਦੀਆਂ ਚੇਤਾਵਨੀਆਂ ਨੂੰ ਔਨਲਾਈਨ ਜਾਂ ਮੌਸਮ ਵਿਭਾਗ ਦੇ ਐਪ ਰਾਹੀਂ ਦੇਖਦੇ ਰਹੋ। ਸਿਹਤ ਵਿਭਾਗ ਵੱਲੋਂ ਗਰਮੀ ਸੰਬੰਧੀ ਸਿਹਤ ਚੇਤਾਵਨੀਆਂ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ।
On this page
ਗਰਮੀ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ
ਬਹੁਤ ਜ਼ਿਆਦਾ ਗਰਮੀ ਦੌਰਾਨ, ਤੁਹਾਡਾ ਸਰੀਰ ਆਸਾਨੀ ਨਾਲ ਪਾਣੀ ਦੀ ਘਾਟ ਦਾ ਸ਼ਿਕਾਰ ਹੋ ਸਕਦਾ ਹੈ ਜਾਂ ਬਹੁਤ ਜ਼ਿਆਦਾ ਗਰਮ ਹੋ ਸਕਦਾ ਹੈ।
ਬਹੁਤ ਜ਼ਿਆਦਾ ਗਰਮੀ ਕਾਰਨ ਗੰਭੀਰ ਅਤੇ ਸੰਭਾਵੀ ਤੌਰ 'ਤੇ ਜਾਨਲੇਵਾ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਗਰਮੀ ਕਾਰਨ ਥਕਾਵਟ ਅਤੇ ਹੀਟਸਟ੍ਰੋਕ, ਜਾਂ ਫਿਰ ਇਹ ਦਿਲ ਦੇ ਦੌਰੇ ਜਾਂ ਦਿਮਾਗੀ ਦੌਰੇ ਵਰਗੀਆਂ ਅਚਾਨਕ ਘਟਨਾਵਾਂ ਦਾ ਕਾਰਨ ਬਣ ਸਕਦੀ ਹੈ, ਜਾਂ ਇਹ ਮੌਜੂਦਾ ਬਿਮਾਰੀਆਂ ਜਿਵੇਂ ਕਿ ਗੁਰਦੇ ਜਾਂ ਫੇਫੜਿਆਂ ਦੀ ਬਿਮਾਰੀ ਨੂੰ ਹੋਰ ਵੀ ਵਧਾ ਸਕਦੀ ਹੈ।
ਬਹੁਤ ਜ਼ਿਆਦਾ ਗਰਮੀ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੈ ਉਨ੍ਹਾਂ ਵਿੱਚ 65 ਸਾਲ ਤੋਂ ਵੱਧ ਉਮਰ ਦੇ ਲੋਕ, ਨਵਜਨਮੇ ਬੱਚੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, ਗੰਭੀਰ ਜਾਂ ਪੁਰਾਣੀਆਂ ਸਿਹਤ ਸਮੱਸਿਆਵਾਂ ਵਾਲੇ ਲੋਕ, ਸਮਾਜਿਕ ਤੌਰ 'ਤੇ ਇਕੱਲੇ ਰਹਿਣ ਵਾਲੇ ਲੋਕ ਅਤੇ ਠੰਡਾ ਰਹਿਣ ਦੇ ਸੀਮਤ ਸਾਧਨਾਂ ਵਾਲੇ ਲੋਕ ਸ਼ਾਮਲ ਹਨ।
ਬਹੁਤ ਜ਼ਿਆਦਾ ਗਰਮੀ ਵਿੱਚ ਸੁਰੱਖਿਅਤ ਰਹਿਣਾ
ਠੰਡਾ ਰਹਿ ਕੇ ਅਤੇ ਖ਼ੂਬ ਪਾਣੀ ਪੀ ਕੇ ਗਰਮੀ ਨਾਲ ਜੁੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਹੋਣ ਤੋਂ ਰੋਕੋ। ਅਗਾਊਂ ਯੋਜਨਾ ਬਣਾਓ ਅਤੇ ਦੂਜਿਆਂ ਦੀ ਖ਼ੈਰ-ਖ਼ੈਰੀਅਤ ਪੁੱਛੋ।
ਠੰਢੇ ਰਹੋ:
- ਏਅਰ ਕੰਡੀਸ਼ਨਰ ਜਾਂ ਪੱਖੇ ਦੀ ਵਰਤੋਂ ਕਰੋ।
- ਹਲਕੇ ਅਤੇ ਢਿੱਲੇ ਕੱਪੜੇ ਪਹਿਨੋ।
- ਸਪਰੇਅ ਬੋਤਲ ਜਾਂ ਗਿੱਲੀ ਸਪੰਜ ਦੀ ਵਰਤੋਂ ਕਰਕੇ ਆਪਣੀ ਚਮੜੀ ਨੂੰ ਗਿੱਲਾ ਰੱਖੋ।
- ਠੰਢੇ ਟੂਟੀ ਵਾਲੇ ਪਾਣੀ ਨਾਲ ਸ਼ਾਵਰ ਲਓ ਜਾਂ ਪੈਰਾਂ ਨੂੰ ਠੰਢੇ ਪਾਣੀ ਵਿੱਚ ਭਿਓਵੋ।
- ਆਈਸ ਪੈਕ ਵਰਤੋਂ ਜਾਂ ਬਰਫ਼ ਦੇ ਟੁਕੜਿਆਂ ਨੂੰ ਗਿੱਲੇ ਤੌਲੀਏ ਵਿੱਚ ਲਪੇਟ ਕੇ ਆਪਣੀ ਗਰਦਨ ਦੁਆਲੇ ਲਪੇਟੋ।
- ਤੁਹਾਡੇ ਘਰ ਵਿੱਚ ਗਰਮੀ ਭਰਨ ਨੂੰ ਰੋਕਣ ਲਈ ਬਲਾਈਂਡ ਜਾਂ ਪਰਦੇ ਬੰਦ ਕਰੋ।
- ਚੁੱਲ੍ਹੇ ਅਤੇ ਓਵਨ ਦੀ ਵਰਤੋਂ ਜਿੰਨਾ ਹੋ ਸਕੇ ਘੱਟ ਕਰੋ ਕਿਉਂਕਿ ਇਹ ਤੁਹਾਡੇ ਘਰ ਨੂੰ ਗਰਮ ਕਰ ਦਿੰਦੇ ਹਨ।
- ਜੇਕਰ ਘਰੋਂ ਬਾਹਰ ਜਾਣਾ ਪਵੇ, ਤਾਂ ਏਅਰ ਕੰਡੀਸ਼ਨ ਵਾਲੀ ਇਮਾਰਤ ਜਿਵੇਂ ਕਿ ਸ਼ਾਪਿੰਗ ਸੈਂਟਰ ਜਾਂ ਪਬਲਿਕ ਲਾਇਬ੍ਰੇਰੀ ਵਿੱਚ ਸਮਾਂ ਬਿਤਾਉਣ ਬਾਰੇ ਸੋਚੋ।
- ਕਾਰਾਂ ਬਹੁਤ ਤੇਜ਼ੀ ਨਾਲ ਖ਼ਤਰਨਾਕ ਤਰੀਕੇ ਨਾਲ ਗਰਮ ਹੋ ਸਕਦੀਆਂ ਹਨ – ਕਦੇ ਵੀ ਨੰਨ੍ਹੇ ਬਾਲਕਾਂ, ਛੋਟੇ ਬੱਚਿਆਂ ਜਾਂ ਪਸ਼ੂਆਂ ਨੂੰ ਕਾਰ ਵਿੱਚ ਇਕੱਲੇ ਨਾ ਛੱਡੋ, ਭਾਵੇਂ ਏਅਰ ਕੰਡੀਸ਼ਨਿੰਗ ਚਾਲੂ ਹੋਵੇ।
ਹਾਈਡਰੇਟਿਡ ਰਹੋ:
- ਪਿਆਸ ਲੱਗਣ ਤੋਂ ਪਹਿਲਾਂ ਹੀ ਪਾਣੀ ਪੀਂਦੇ ਰਹੋ, ਖ਼ਾਸ ਕਰਕੇ ਜਦੋਂ ਤੁਸੀਂ ਘਰੋਂ ਬਾਹਰ ਹੋਵੋ ਜਾਂ ਕੋਈ ਸਰੀਰਕ ਗਤੀਵਿਧੀ ਕਰ ਰਹੇ ਹੋਵੋ। ਜੇਕਰ ਤੁਹਾਡੇ ਡਾਕਟਰ ਨੇ ਤੁਹਾਨੂੰ ਆਪਣੇ ਤਰਲ ਪਦਾਰਥਾਂ ਦੇ ਸੇਵਨ ਦੀ ਮਾਤਰਾ ਘਟਾਉਣ ਲਈ ਕਿਹਾ ਹੋਵੇ, ਤਾਂ ਉਨ੍ਹਾਂ ਨੂੰ ਪੁੱਛੋ ਕਿ ਬਹੁਤ ਜ਼ਿਆਦਾ ਗਰਮੀ ਦੌਰਾਨ ਤੁਹਾਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ।
- ਜਦੋਂ ਵੀ ਤੁਸੀਂ ਘਰੋਂ ਬਾਹਰ ਜਾਓ, ਹਮੇਸ਼ਾ ਆਪਣੇ ਨਾਲ ਪਾਣੀ ਦੀ ਬੋਤਲ ਲੈ ਕੇ ਜਾਓ।
- ਪਾਣੀ ਦੀ ਘਾਟ ਹੋਣ ਦੇ ਲੱਛਣਾਂ ਜਿਵੇਂ ਕਿ ਪਿਆਸ ਲੱਗਣ, ਚੱਕਰ ਆਉਣ, ਮੂੰਹ ਸੁੱਕਣ, ਥਕਾਵਟ, ਗੂੜ੍ਹੇ ਰੰਗ ਦਾ, ਤੇਜ਼ ਗੰਧ ਵਾਲਾ ਪਿਸ਼ਾਬ ਆਉਣ ਜਾਂ ਆਮ ਨਾਲੋਂ ਘੱਟ ਪਿਸ਼ਾਬ ਆਉਣ ਪ੍ਰਤੀ ਧਿਆਨ ਰੱਖੋ (ਤੁਸੀਂ ਸਿਡਨੀ ਯੂਨੀਵਰਸਿਟੀ ਦੇ ਹੀਟਵਾਚ ਉੱਤੇ ਦਿੱਤੇ ਪਿਸ਼ਾਬ ਚਾਰਟ ਦੀ ਵਰਤੋਂ ਕਰਕੇ ਆਪਣੇ ਪਿਸ਼ਾਬ ਦੀ ਜਾਂਚ ਕਰ ਸਕਦੇ ਹੋ)।
ਅਗਾਊਂ ਯੋਜਨਾ ਬਣਾਓ
ਗਰਮੀ ਦੀ ਰੁੱਤ ਆਉਣ ਤੋਂ ਪਹਿਲਾਂ:
- ਜਾਂਚ ਕਰੋ ਕਿ ਤੁਹਾਡਾ ਪੱਖਾ ਅਤੇ ਏਅਰ-ਕੰਡੀਸ਼ਨਰ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ। ਜੇਕਰ ਲੋੜ ਹੋਵੇ ਤਾਂ ਆਪਣੇ ਏਅਰ-ਕੰਡੀਸ਼ਨਰ ਦੀ ਸਰਵਿਸ ਕਰਵਾਓ। ਯਕੀਨੀ ਬਣਾਓ ਕਿ ਫਿਲਟਰ, ਪੈਡ ਅਤੇ ਹਵਾ ਵਾਲੇ ਮੋਗਰੇ ਸਾਫ਼ ਹੋਣ ਹਨ।
- ਇਹ ਪਤਾ ਕਰਨ ਲਈ ਆਪਣੇ ਡਾਕਟਰ ਨੂੰ ਮਿਲੋ ਕਿ ਕੀ ਬਹੁਤ ਜ਼ਿਆਦਾ ਗਰਮੀ ਦੌਰਾਨ ਤੁਹਾਡੀਆਂ ਦਵਾਈਆਂ ਵਿੱਚ ਕੋਈ ਬਦਲਾਅ ਦੀ ਲੋੜ ਹੈ ਜਾਂ ਨਹੀਂ।
- ਬਿਜਲੀ ਗੁੱਲ ਹੋਣ ਦੀ ਸਥਿਤੀ ਲਈ ਇੱਕ ਕਿੱਟ ਬਣਾਓ, ਜਿਸ ਵਿੱਚ ਇੱਕ ਟਾਰਚ, ਬੈਟਰੀ ਨਾਲ ਚੱਲਣ ਵਾਲਾ ਰੇਡੀਓ, ਪੂਰੀ ਤਰ੍ਹਾਂ ਚਾਰਜ ਕੀਤਾ ਹੋਇਆ ਮੋਬਾਈਲ ਫ਼ੋਨ ਜਾਂ ਬੈਟਰੀ ਬੈਕਅੱਪ, ਖਾਣ-ਪੀਣ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਫਰਿੱਜ ਦੀ ਲੋੜ ਨਹੀਂ ਹੈ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹੋਣ।
- ਆਪਣੇ ਘਰ ਨੂੰ ਠੰਡਾ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਸੋਚੋ ਜਿਵੇਂ ਕਿ ਆਪਣੀ ਛੱਤ 'ਤੇ ਰਿਫਲੈਕਟਿਵ ਕੋਟਿੰਗ ਲਗਾਉਣਾ, ਇਨਸੂਲੇਸ਼ਨ, ਗਲੇਜ਼ਿੰਗ, ਬਾਹਰੀ ਖਿੜਕੀਆਂ ਦੀਆਂ ਉੱਤੇ ਸ਼ਾਮਿਆਨਾ, ਛਾਂਦਾਰ ਕੱਪੜੇ ਜਾਂ ਬਾਹਰੀ ਬਲਾਇੰਡ ਲਗਵਾਓ, ਅਤੇ ਘਰ ਦੇ ਆਲੇ-ਦੁਆਲੇ ਛਾਂਦਾਰ ਰੁੱਖ ਲਗਾਉਣਾ।
- ਬਹੁਤ ਜ਼ਿਆਦਾ ਗਰਮੀ ਦੌਰਾਨ, ਅਤੇ ਖ਼ਾਸ ਕਰਕੇ ਬਿਜਲੀ ਗੁੱਲ ਹੋਏ ਹੋਣ ਸਮੇਂ ਅਤੇ ਬਾਅਦ ਵਿੱਚ ਭੋਜਨ ਅਤੇ ਦਵਾਈਆਂ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ ਬਾਰੇ ਜਾਣੋ।
- ਗਰਮੀ ਨਾਲ ਹੋਣ ਵਾਲੀ ਬਿਮਾਰੀ ਦੀਆਂ ਨਿਸ਼ਾਨੀਆਂ ਨੂੰ ਸਮਝੋ, ਤਾਂ ਜੋ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਬਿਮਾਰ ਹੋਣ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਭਵਿੱਖਬਾਣੀ ਕੀਤੀ ਗਰਮੀ ਆਉਣ ਤੋਂ ਪਹਿਲਾਂ
- ਭੋਜਨ, ਪਾਣੀ ਅਤੇ ਦਵਾਈਆਂ ਇਕੱਠੀਆਂ ਕਰ ਲਵੋ ਤਾਂ ਜੋ ਤੁਹਾਨੂੰ ਗਰਮੀ ਵਿੱਚ ਘਰੋਂ ਬਾਹਰ ਨਾ ਨਿਕਲਣਾ ਪਵੇ।
- ਆਪਣੇ ਫ੍ਰੀਜ਼ਰ ਵਿੱਚ ਬਰਫ਼ ਦੀਆਂ ਟ੍ਰੇਆਂ ਭਰੋ ਜਾਂ ਫਰਿੱਜ ਜਾਂ ਫ੍ਰੀਜ਼ਰ ਵਿੱਚ ਕੁੱਝ ਕੂਲ-ਪੈਕ ਰੱਖੋ।
- ਜਦੋਂ ਬਹੁਤ ਗਰਮੀ ਹੁੰਦੀ ਹੈ ਤਾਂ ਦੋਸਤਾਂ ਅਤੇ ਗੁਆਂਢੀਆਂ ਨਾਲ ਬਕਾਇਦਾ ਸੰਪਰਕ ਵਿੱਚ ਰਹਿਣ ਦੀ ਯੋਜਨਾ ਬਣਾਓ, ਜੇਕਰ ਤੁਹਾਨੂੰ ਜਾਂ ਉਨ੍ਹਾਂ ਨੂੰ ਮੱਦਦ ਦੀ ਲੋੜ ਹੋਵੇ।
- ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਡਾਕਟਰ, ਫਾਰਮਾਸਿਸਟ, ਨਰਸ-ਔਨ-ਕਾਲ ਜਾਂ ਚੰਗੀ ਸਿਹਤ ਸਲਾਹ ਲਈ ਹੋਰ ਸਰੋਤਾਂ ਦੇ ਸੰਪਰਕ ਵੇਰਵੇ ਹਨ।
ਬਹੁਤ ਜ਼ਿਆਦਾ ਗਰਮੀ ਦੌਰਾਨ
- ਗ਼ੈਰ-ਜ਼ਰੂਰੀ ਸੈਰ-ਸਪਾਟਾ ਜਾਂ ਗਤੀਵਿਧੀਆਂ ਨੂੰ ਰੱਦ ਕਰੋ ਜਾਂ ਕਿਸੇ ਹੋਰ ਦਿਨ 'ਤੇ ਪਾ ਦਿਓ।
- ਜ਼ਰੂਰੀ ਗਤੀਵਿਧੀਆਂ ਨੂੰ ਦਿਨ ਦੇ ਸਭ ਤੋਂ ਠੰਢੇ ਸਮੇਂ 'ਤੇ ਕਰਨ ਦੀ ਯੋਜਨਾ ਬਣਾਓ।
- ਜੇਕਰ ਤੁਹਾਨੂੰ ਘਰੋਂ ਬਾਹਰ ਜਾਣਾ ਪਵੇ, ਤਾਂ ਆਪਣੇ ਨਾਲ ਪਾਣੀ ਦੀ ਬੋਤਲ ਲੈ ਕੇ ਜਾਓ, ਛਾਂ ਭਾਲੋ, ਅਤੇ ਚਮੜੀ ਦੀ ਸੁਰੱਖਿਆ ਲਈ ਟੋਪੀ ਅਤੇ ਸਨਸਕ੍ਰੀਨ ਪਹਿਨੋ।
- ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀਆਂ ਨਾਲ ਟੀਵੀ ਜਾਂ ਰੇਡੀਓ ਰਾਹੀਂ ਅੱਪਡੇਟ ਰਹੋ।
- ਮੌਸਮ ਵਿਭਾਗ ਦੀ ਲੂੰ ਚੱਲਣ ਦੀ ਭਵਿੱਖਬਾਣੀ ਔਨਲਾਈਨ ਜਾਂ ਉਨ੍ਹਾਂ ਦੇ ਐਪ ਰਾਹੀਂ ਦੇਖੋ, ਅਤੇ ਸਿਹਤ ਵਿਭਾਗ ਵੱਲੋਂ ਭੇਜੇ ਜਾਣ ਵਾਲੀ ਹੀਟ ਹੈਲਥ ਵਾਰਨਿੰਗ ਲਈ ਸਬਸਕ੍ਰਾਈਬ ਕਰੋ।
ਆਪਣੇ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਦੀ ਖ਼ੈਰੀਅਤ ਪੁੱਛਦੇ ਰਹੋ
- ਇੱਕ ਛੋਟੀ ਜਿਹੀ ਫ਼ੋਨ ਕਾਲ ਵੀ ਵੱਡਾ ਅੰਤਰ ਪੈਦਾ ਕਰ ਸਕਦੀ ਹੈ।
- ਆਪਣੇ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਨੂੰ ਦੱਸੋ ਕਿ ਤੁਸੀਂ ਠੀਕ ਹੋ ਜਾਂ ਜੇਕਰ ਤੁਹਾਨੂੰ ਕਿਸੇ ਮੱਦਦ ਦੀ ਲੋੜ ਹੋਵੇ।
- ਬਹੁਤ ਜ਼ਿਆਦਾ ਗਰਮੀ ਵਾਲੇ ਦਿਨਾਂ ਦੌਰਾਨ ਉਨ੍ਹਾਂ ਲੋਕਾਂ ਨਾਲ ਸੰਪਰਕ ਵਿੱਚ ਰਹੋ, ਜਿਨ੍ਹਾਂ ਨੂੰ ਵੱਧ ਜ਼ੋਖਮ ਹੈ ਜਾਂ ਤੁਹਾਡੀ ਸਹਾਇਤਾ ਦੀ ਲੋੜ ਹੋ ਸਕਦੀ ਹੈ।
ਬਜ਼ੁਰਗ ਲੋਕ ਅਤੇ ਬਹੁਤ ਜ਼ਿਆਦਾ ਗਰਮੀ
65 ਸਾਲ ਤੋਂ ਵੱਧ ਉਮਰ ਵਾਲੇ ਲੋਕ ਗਰਮੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਤਾਪਮਾਨ ਵਿੱਚ ਹੋਣ ਵਾਲੇ ਬਦਲਾਵਾਂ ਨਾਲ ਘੱਟ ਅਨੁਕੂਲ ਹੋਣ ਦੇ ਘੱਟ ਸਮਰੱਥ ਹੁੰਦੇ ਹਨ। ਉਹਨਾਂ ਨੂੰ ਅਕਸਰ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਅਤੇ ਉਹ ਅਜਿਹੀਆਂ ਦਵਾਈਆਂ ਵੀ ਲੈ ਰਹੇ ਹੋ ਸਕਦੇ ਹਨ ਜੋ ਉਨ੍ਹਾਂ ਦੇ ਜ਼ੋਖਮ ਨੂੰ ਵਧਾ ਸਕਦੀਆਂ ਹਨ।
ਜਿਨ੍ਹਾਂ ਬਜ਼ੁਰਗਾਂ ਨੂੰ ਡਾਕਟਰੀ ਸਮੱਸਿਆਵਾਂ ਹਨ ਜਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ, ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਗਰਮੀ ਨਾਲ ਸੰਬੰਧਿਤ ਬੀਮਾਰੀਆਂ ਅਤੇ ਬਹੁਤ ਜ਼ਿਆਦਾ ਗਰਮੀ ਜਾਂ ਬਿਜਲੀ ਬੰਦ ਹੋਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਫੇਰ-ਬਦਲ, ਬਦਲਾਅ ਜਾਂ ਵਿਸ਼ੇਸ਼ ਸਾਵਧਾਨੀਆਂ ਬਾਰੇ ਗੱਲ ਕਰਨੀ ਚਾਹੀਦੀ ਹੈ।
ਬੱਚੇ ਅਤੇ ਬਹੁਤ ਜ਼ਿਆਦਾ ਗਰਮੀ
ਨਵਜਨਮੇ ਬੱਚੇ ਅਤੇ ਛੋਟੇ ਬੱਚੇ ਗਰਮੀ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਅਤੇ ਬਹੁਤ ਜ਼ਿਆਦਾ ਗਰਮੀ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ।
- ਨਵਜਨਮੇ ਬੱਚਿਆਂ ਜਾਂ ਛੋਟੇ ਬੱਚਿਆਂ ਨੂੰ ਕਦੇ ਵੀ ਕਾਰਾਂ ਵਿੱਚ ਨਾ ਛੱਡੋ।
- ਬਹੁਤ ਜ਼ਿਆਦਾ ਗਰਮੀ ਦੌਰਾਨ ਬੱਚਿਆਂ ਨੂੰ ਛਾਤੀ ਦਾ ਦੁੱਧ ਜਾਂ ਬੋਤਲ ਨਾਲ ਵੱਧ ਵਾਰ ਦੁੱਧ ਪਿਲਾਓ ਅਤੇ ਬੱਚਿਆਂ ਨੂੰ ਨਿਯਮਤ ਤੌਰ 'ਤੇ ਪਾਣੀ ਪੀਣ ਲਈ ਉਤਸ਼ਾਹਿਤ ਕਰੋ। ਆਸਟ੍ਰੇਲੀਅਨ ਬ੍ਰੈਸਟਫੀਡਿੰਗ ਐਸੋਸੀਏਸ਼ਨ ਤੋਂ ਹੋਰ ਜਾਣਕਾਰੀ ਲਵੋ।
- ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਆਪ ਵੀ ਬਹੁਤ ਸਾਰਾ ਤਰਲ ਪਦਾਰਥ ਪੀਂਦੀਆਂ ਹਨ।
- ਬਹੁਤ ਜ਼ਿਆਦਾ ਗਰਮੀ ਵਿੱਚ ਆਪਣੇ ਬੱਚੇ ਨੂੰ ਪ੍ਰੈਮ ਵਿੱਚ ਸੌਣ ਲਈ ਨਾ ਛੱਡੋ ਕਿਉਂਕਿ ਇਸ ਵਿੱਚ ਹਵਾ ਦਾ ਪ੍ਰਵਾਹ ਘੱਟ ਹੁੰਦਾ ਹੈ।
- ਸਟਰੌਲਰ ਵਿੱਚ ਬੱਚਿਆਂ ਨੂੰ ਗਿੱਲੇ ਮਲਮਲ/ਸੂਤੀ ਕੱਪੜੇ ਨਾਲ ਢੱਕ ਕੇ ਠੰਡਾ ਰੱਖਿਆ ਜਾ ਸਕਦਾ ਹੈ, ਤਰਜੀਹੀ ਤੌਰ 'ਤੇ ਜੇਕਰ ਉਪਲਬਧ ਹੋਵੇ ਤਾਂ ਕਲਿੱਪ ਨਾਲ ਲੱਗਣ ਵਾਲੇ ਬੈਟਰੀ ਵਾਲੇ ਪੱਖੇ ਨਾਲ। ਢੱਕਣ ਵਾਲੇ ਕੱਪੜੇ ਨੂੰ ਸਪਰੇਅ ਬੋਤਲ ਨਾਲ ਗਿੱਲਾ ਰੱਖੋ।
ਤੁਸੀਂ ਦੂਜਿਆਂ ਦੀ ਮੱਦਦ ਕਿਵੇਂ ਕਰ ਸਕਦੇ ਹੋ?
ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਗੁਆਂਢੀਆਂ ਦੀ ਮੱਦਦ ਕਰੋ, ਖ਼ਾਸ ਕਰਕੇ ਉਨ੍ਹਾਂ ਦੀ ਜੋ ਬਹੁਤ ਜ਼ਿਆਦਾ ਗਰਮੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੇ ਵਧੇਰੇ ਜ਼ੋਖਮ ਵਿੱਚ ਹਨ:
- ਉਨ੍ਹਾਂ ਨਾਲ ਨਿਯਮਿਤ ਤੌਰ 'ਤੇ ਗੱਲ ਕਰੋ ਕਿ ਉਹ ਗਰਮੀ ਕਿਵੇਂ ਸਹਿ ਰਹੇ ਹਨ, ਖ਼ਾਸ ਕਰਕੇ ਜੇਕਰ ਉਹ ਇਕੱਲੇ ਰਹਿੰਦੇ ਹਨ।
- ਉਨ੍ਹਾਂ ਨੂੰ ਅਜਿਹੇ ਕੰਮ ਕਰਨ ਲਈ ਉਤਸ਼ਾਹਿਤ ਕਰੋ, ਜੋ ਉਨ੍ਹਾਂ ਨੂੰ ਠੰਢਾ ਅਤੇ ਹਾਈਡਰੇਟ ਰੱਖਣ।
- ਕਿਸੇ ਵੀ ਬਹੁਤ ਜ਼ਿਆਦਾ ਗਰਮੀ ਵਾਲੇ ਦਿਨ ਉਨ੍ਹਾਂ ਨੂੰ ਘੱਟੋ-ਘੱਟ ਇੱਕ ਵਾਰ ਫ਼ੋਨ ਕਰੋ, ਅਤੇ ਉਨ੍ਹਾਂ ਨੂੰ ਕਹੋ ਕਿ ਜੇਕਰ ਉਨ੍ਹਾਂ ਨੂੰ ਕੋਈ ਚਿੰਤਾ ਹੈ ਤਾਂ ਉਹ ਤੁਹਾਨੂੰ ਫ਼ੋਨ ਕਰਨ ਜਾਂ ਸਿਰਫ਼ ਖ਼ੈਰੀਅਤ ਪੁੱਛਣ ਲਈ।
- ਜੇਕਰ ਇਹ ਕਰਨਾ ਤੁਹਾਡੇ ਲਈ ਸੁਰੱਖਿਅਤ ਹੋਵੇ, ਤਾਂ ਉਨ੍ਹਾਂ ਲਈ ਸਾਮਾਨ ਲਿਆਉਣ ਜਾਂ ਹੋਰ ਕੰਮਕਾਜ ਕਰਨ ਦੀ ਪੇਸ਼ਕਸ਼ ਕਰੋ ਤਾਂ ਜੋ ਉਹ ਗਰਮੀ ਤੋਂ ਬਚ ਸਕਣ।
- ਜੇਕਰ ਅਜਿਹਾ ਕਰਨਾ ਸੁਰੱਖਿਅਤ ਹੋਵੇ ਤਾਂ ਉਹਨਾਂ ਨੂੰ ਕਿਤੇ ਠੰਢੀ ਥਾਂ (ਜਿਵੇਂ ਕਿ ਸ਼ਾਪਿੰਗ ਸੈਂਟਰ, ਸਿਨੇਮਾ, ਲਾਇਬ੍ਰੇਰੀ) ਲੈ ਜਾਓ ਜਾਂ ਜੇਕਰ ਉਨ੍ਹਾਂ ਦਾ ਆਪਣੇ ਘਰ ਵਿੱਚ ਠੰਢਾ ਰਹਿਣਾ ਮੁਸ਼ਕਲ ਹੋਵੇ ਤਾਂ ਉਨ੍ਹਾਂ ਨੂੰ ਇੱਕ ਰਾਤ ਲਈ ਆਪਣੇ ਘਰ ਰੱਖੋ।
- ਜੇਕਰ ਉਨ੍ਹਾਂ ਵਿੱਚ ਬਹੁਤ ਜ਼ਿਆਦਾ ਗਰਮੀ ਨਾਲ ਜੁੜੀ ਕਿਸੇ ਵੀ ਸਿਹਤ ਸਮੱਸਿਆ ਦੇ ਲੱਛਣ ਦਿਖਾਈ ਦੇ ਰਹੇ ਹੋਣ, ਤਾਂ ਤੁਰੰਤ ਮੈਡੀਕਲ ਦੇਖਭਾਲ ਲਓ (ਹੇਠਾਂ ਦਿੱਤੇ "ਮੱਦਦ ਕਿੱਥੋਂ ਲੈਣੀ ਹੈ" ਭਾਗ ਨੂੰ ਵੇਖੋ)।
ਮੱਦਦ ਕਿੱਥੋਂ ਪ੍ਰਾਪਤ ਕਰਨੀ ਹੈ
- ਐਮਰਜੈਂਸੀ ਵਿੱਚ, ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰੋ।
- ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਦੂਜੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਲਈ (24 ਘੰਟੇ, ਹਫ਼ਤੇ ਦੇ 7 ਦਿਨ) ਉਪਲਬਧ ਹੈ। 131 450 'ਤੇ ਫ਼ੋਨ ਕਰੋ।
- ਤੁਹਾਡਾ GP (ਡਾਕਟਰ) – ਜੇਕਰ ਤੁਹਾਨੂੰ ਜਾਂ ਤੁਹਾਡੇ ਜਾਣਕਾਰ ਕਿਸੇ ਵਿਅਕਤੀ ਨੂੰ ਗਰਮੀ ਨਾਲ ਸੰਬੰਧਿਤ ਸਿਹਤ ਸਮੱਸਿਆ ਹੋ ਜਾਵੇ।
- ਨਰਸ-ਔਨ-ਕਾਲ ਟੈਲੀਫ਼ੋਨ: 1300 60 60 24 - ਮਾਹਰ ਸਿਹਤ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ)
- ਵਿਕਟੋਰੀਆ ਦੇ ਵਰਚੁਅਲ ਐਮਰਜੈਂਸੀ ਵਿਭਾਗ ਨਾਲ ਗ਼ੈਰ-ਜਾਨਲੇਵਾ ਐਮਰਜੈਂਸੀਆਂ ਲਈ ਸੰਪਰਕ ਕਰੋ
- ਮੈਟਰਨਲ ਐਂਡ ਚਾਈਲਡ ਹੈਲਥ ਲਾਈਨ, ਵਿਕਟੋਰੀਆ ਟੈਲੀਫ਼ੋਨ 132 229 (24 ਘੰਟੇ)
- ਹੈਲਥ ਟ੍ਰਾਂਸਲੇਸ਼ਨ ਡਾਇਰੈਕਟਰੀ - ਭਾਈਚਾਰਕ ਭਾਸ਼ਾਵਾਂ ਵਿੱਚ ਬਹੁਤ ਜ਼ਿਆਦਾ ਗਰਮੀ ਨਾਲ ਜੁੜੀ ਜਾਣਕਾਰੀ ਲਈ।
- Extreme heat and heatwaves, Department of Health, Victorian Government.
- Extreme heat prevention guide, US Centers for Disease Control and Prevention.
- Hot weather, Sports Medicine Australia.
This page has been produced in consultation with and approved by: