Summary
Read the full fact sheet- ਤੁਸੀਂ ਆਪਣੇ ਬੱਚੇ ਨੂੰ ਦਿਲ ਦਹਿਲਾ ਦੇਣ ਵਾਲੇ ਜਾਂ ਡਰਾਉਣੇ ਅਨੁਭਵਾਂ ਤੋਂ ਉਭਰਨ ਵਿੱਚ ਮੱਦਦ ਕਰ ਸਕਦੇ ਹੋ। ਇਨ੍ਹਾਂ ਅਨੁਭਵਾਂ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ: ਕਾਰ ਹਾਦਸੇ, ਜੰਗਲਾਂ ਦੀ ਅੱਗ ਜਾਂ ਹੜ੍ਹਾਂ, ਪਰਿਵਾਰ ਵਿੱਚ ਅਚਾਨਕ ਬਿਮਾਰੀ ਜਾਂ ਮੌਤ, ਅਪਰਾਧ, ਦੁਰਵਿਵਹਾਰ ਜਾਂ ਹਿੰਸਾ।
- ਬੱਚੇ ਦੇਖਣਗੇ ਕਿ: ਤੁਸੀਂ ਖੁਦ ਕਿਸੇ ਸੰਕਟ ਨਾਲ ਕਿਵੇਂ ਨਜਿੱਠਦੇ ਹੋ, ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਵਿਵਹਾਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹੋ।
- ਇਹ ਸੁਝਾਅ ਤੁਹਾਨੂੰ ਆਪਣੇ ਬੱਚੇ ਨਾਲ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕਰਨ ਵਿੱਚ ਮੱਦਦ ਕਰ ਸਕਦੇ ਹਨ। ਆਪਣੇ ਬੱਚੇ ਨੂੰ ਤੱਥਾਂ ਨੂੰ ਇਸ ਤਰੀਕੇ ਨਾਲ ਦੱਸਣਾ ਮਹੱਤਵਪੂਰਨ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਸਮਝ ਸਕਣ।
- ਤੁਸੀਂ ਹਮੇਸ਼ਾ ਪੇਸ਼ੇਵਰ ਸਹਾਇਤਾ ਲੈ ਸਕਦੇ ਹੋ। ਸ਼ੁਰੂਆਤ ਕਰਨ ਲਈ ਸਭ ਤੋਂ ਚੰਗੀ ਥਾਂ ਤੁਹਾਡਾ ਪਰਿਵਾਰਕ GP (ਡਾਕਟਰ) ਹੈ।
On this page
ਬੱਚੇ ਸਦਮੇ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹਨ?
ਕਿਸੇ ਦਿਲ ਦਹਿਲਾ ਦੇਣ ਵਾਲੇ ਜਾਂ ਡਰਾਉਣੇ ਅਨੁਭਵ ਪ੍ਰਤੀ ਬੱਚੇ ਦੀ ਪ੍ਰਤੀਕਿਰਿਆ ਇਨ੍ਹਾਂ ਗੱਲ 'ਤੇ ਨਿਰਭਰ ਕਰ ਸਕਦੀ ਹੈ:
- ਉਨ੍ਹਾਂ ਦੀ ਉਮਰ
- ਉਨ੍ਹਾਂ ਦੀ ਨਿੱਜੀ ਸ਼ਖਸੀਅਤ
- ਤੁਸੀਂ ਜਾਂ ਤੁਹਾਡਾ ਪਰਿਵਾਰ ਇਸ ਘਟਨਾ 'ਤੇ ਕਿਵੇਂ ਪ੍ਰਤੀਕਿਰਿਆ ਕਰ ਰਹੇ ਹੋ
ਸ਼ਾਇਦ ਤੁਹਾਡਾ ਬੱਚਾ ਉਸ ਤਰੀਕੇ ਨਾਲ ਪ੍ਰਤੀਕਿਰਿਆ ਨਾ ਕਰੇ, ਜਿਸ ਤਰ੍ਹਾਂ ਤੁਸੀਂ ਉਮੀਦ ਕਰਦੇ ਹੋ। ਉਹ ਹੇਠਾਂ ਦਿੱਤੇ ਤਰੀਕਿਆਂ ਨਾਲ ਹਾਲਾਤਾਂ ਦੇ ਪ੍ਰਭਾਵ ਵਿੱਚ ਨਜ਼ਰ ਆ ਸਕਦੇ ਹਨ:
- ਗੁੰਮ-ਸੁੰਮ ਹੋ ਜਾਣਾ – ਉਹ ਆਪਣੀਆਂ ਮਨਪਸੰਦ ਗਤੀਵਿਧੀਆਂ 'ਚ ਰੁਚੀ ਗੁਆ ਸਕਦੇ ਹਨ। ਸ਼ਾਇਦ ਉਹ ਘੱਟ ਆਤਮ-ਵਿਸ਼ਵਾਸੀ ਵੀ ਹੋ ਸਕਦੇ ਹਨ, ਸ਼ਾਂਤ ਹੋ ਸਕਦੇ ਹਨ, ਜਾਂ ਬਚਪਨ ਵਿੱਚ ਵਿਵਹਾਰ ਕਰਨ ਦੇ ਤਰੀਕਿਆਂ ਵਾਂਗ ਵਿਵਹਾਰ ਕਰ ਸਕਦੇ ਹਨ।
- ਸੋਚਾਂ ਵਿਚ ਡੁੱਬੇ ਰਹਿਣਾ – ਸ਼ਾਇਦ ਉਨ੍ਹਾਂ ਨੂੰ ਦੁਖਦਾਈ ਅਨੁਭਵ ਨੂੰ ਦੁਬਾਰਾ ਜੀਉਣ ਦੀ ਲੋੜ ਹੋ ਸਕਦੀ ਹੈ। ਉਦਾਹਰਨ ਵਜੋਂ — ਵਾਰ-ਵਾਰ ਇੱਕੋ ਖੇਡ ਖੇਡਣਾ ਜਾਂ ਇੱਕੋ ਹੀ ਚਿੱਤਰ ਬਣਾਉਣਾ। ਤੁਹਾਡਾ ਬੱਚਾ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਤੋਂ ਡਰ ਸਕਦਾ ਹੈ ਜਾਂ ਉਸਨੂੰ ਡਰਾਉਣੇ ਸੁਪਨੇ ਆ ਸਕਦੇ ਹਨ।
- ਚਿੰਤਤ – ਉਹਨਾਂ ਨੂੰ ਧਿਆਨ ਕੇਂਦਰਿਤ ਕਰਨ ਜਾਂ ਗੱਲ ਧਿਆਨ ਨਾਲ ਸੁਣਨ ਵਿੱਚ ਮੁਸ਼ਕਲ ਹੋ ਸਕਦੀ ਹੈ। ਉਹ ਹਰ ਸਮੇਂ ਤੁਹਾਡੇ ਨੇੜੇ ਰਹਿਣਾ ਚਾਹ ਸਕਦੇ ਹਨ, ਉਨ੍ਹਾਂ ਨੂੰ ਨੀਂਦ ਆਉਣ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਜਾਂ ਉਹ ਛੋਟੀ-ਛੋਟੀ ਗੱਲ 'ਤੇ ਗੁੱਸਾ ਕਰ ਸਕਦੇ ਹਨ।
- ਬਿਮਾਰ – ਉਹਨਾਂ ਨੂੰ ਸਿਰ ਦਰਦ ਅਤੇ ਪੇਟ ਦਰਦ ਹੋ ਸਕਦਾ ਹੈ।
ਤੁਹਾਡਾ ਬੱਚਾ ਘਟਨਾ ਹੋਣ ਤੋਂ ਕਾਫ਼ੀ ਬਾਅਦ ਵੀ ਪ੍ਰਤੀਕਿਰਿਆ ਕਰ ਸਕਦਾ ਹੈ। ਕੁੱਝ ਬੱਚੇ ਤੁਰੰਤ ਠੀਕ ਲੱਗਦੇ ਹਨ, ਪਰ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਬਾਅਦ ਵੀ ਪ੍ਰਭਾਵਿਤ ਹੁੰਦੇ ਹਨ।
ਕਿਸੇ ਸਦਮੇ ਵਾਲੀ ਘਟਨਾ ਬਾਰੇ ਕਿਵੇਂ ਗੱਲ ਕਰਨੀ ਹੈ?
ਜੇਕਰ ਤੁਸੀਂ ਉਨ੍ਹਾਂ ਨਾਲ ਇਮਾਨਦਾਰ ਹੋ ਤਾਂ ਇਹ ਤੁਹਾਡੇ ਬੱਚੇ ਦੀ ਮੱਦਦ ਕਰੇਗਾ। ਤੁਸੀਂ ਇਹ ਕਰ ਸਕਦੇ ਹੋ:
- ਆਪਣੇ ਬੱਚੇ ਨੂੰ ਭਰੋਸਾ ਦਿਵਾਓ ਕਿ ਉਹ ਹੁਣ ਸੁਰੱਖਿਅਤ ਹੈ ਅਤੇ ਉਹ ਘਟਨਾ ਖ਼ਤਮ ਹੋ ਚੁੱਕੀ ਹੈ। ਤੁਹਾਨੂੰ ਉਨ੍ਹਾਂ ਨੂੰ ਵਾਰ-ਵਾਰ ਭਰੋਸਾ ਦਿਵਾਉਣਾ ਪੈ ਸਕਦਾ ਹੈ।
- ਆਪਣੇ ਬੱਚੇ ਦੀ ਗੱਲ ਸੁਣੋ। ਉਨ੍ਹਾਂ ਦੀਆਂ ਚਿੰਤਾਵਾਂ ਅਤੇ ਭਾਵਨਾਵਾਂ ਨੂੰ ਗੰਭੀਰਤਾ ਨਾਲ ਲਓ।
- ਆਪਣੇ ਬੱਚੇ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਦੇ ਅਹਿਸਾਸਾਂ ਬਾਰੇ ਸੁਣਨਾ ਚਾਹੁੰਦੇ ਹੋ।
- ਆਪਣੇ ਬੱਚੇ ਨੂੰ ਉਸਦੀ ਉਮਰ ਦੇ ਅਨੁਸਾਰ ਢੁੱਕਵੇਂ ਤਰੀਕੇ ਨਾਲ ਦੱਸੋ ਕਿ ਕੀ ਹੋਇਆ। ਉਹ ਭਾਸ਼ਾ ਵਰਤੋਂ, ਜੋ ਉਹ ਸਮਝਦੇ ਹਨ। ਜੇਕਰ ਤੁਹਾਡਾ ਬੱਚਾ ਅਸਲ ਹਕੀਕਤ ਬਾਰੇ ਨਹੀਂ ਜਾਣਦਾ, ਤਾਂ ਉਹ ਆਪਣੇ ਆਪ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦਾ ਹੈ ਕਿ ਕੀ ਹੋਇਆ ਹੈ। ਉਹ ਕਹਾਣੀ ਨੂੰ ਪੂਰਾ ਕਰਨ ਲਈ ਆਪਣੀ ਕਲਪਨਾ ਜਾਂ ਸੀਮਤ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ। ਇਹ ਤੁਹਾਡੇ ਬੱਚੇ ਲਈ ਹੋਰ ਚਿੰਤਾ ਅਤੇ ਉਲਝਣ ਪੈਦਾ ਕਰ ਸਕਦਾ ਹੈ।
- ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਜਾਣਦਾ ਹੈ ਕਿ ਇਹ ਉਸਦੀ ਗ਼ਲਤੀ ਨਹੀਂ ਸੀ। ਕਈ ਵਾਰੀ ਬੱਚੇ ਇਹ ਸੋਚ ਸਕਦੇ ਹਨ ਕਿ ਉਨ੍ਹਾਂ ਨੇ ਕੋਈ ਸ਼ਰਾਰਤ ਕੀਤੀ ਸੀ ਜਾਂ ਕਿਸੇ ਬਾਰੇ ਬੁਰਾ ਸੋਚਿਆ ਸੀ, ਇਸ ਲਈ ਇਹ ਘਟਨਾ ਵਾਪਰੀ।
- ਇਸ ਘਟਨਾ ਬਾਰੇ ਇੱਕ ਪਰਿਵਾਰ ਦੇ ਰੂਪ ਵਿੱਚ ਗੱਲ ਕਰੋ। ਬੱਚਿਆਂ ਸਮੇਤ, ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਵੋ। ਇਸ ਨਾਲ ਹਰ ਵਿਅਕਤੀ ਨੂੰ ਸਮਰਥਨ ਕੀਤੇ ਜਾਣ, ਸੁਣੇ ਜਾਣ ਅਤੇ ਸਮਝੇ ਜਾਣ ਦਾ ਅਹਿਸਾਸ ਹੁੰਦਾ ਹੈ।
- ਆਪਣੇ ਬੱਚੇ ਨੂੰ ਦੱਸੋ ਕਿ ਲੋਕ ਦੁੱਖ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰ ਸਕਦੇ ਹਨ। ਉਨ੍ਹਾਂ ਨੂੰ ਦੱਸੋ ਕਿ ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਆਮ ਹਨ। ਤੁਸੀਂ ਉਨ੍ਹਾਂ ਨੂੰ ਭਰੋਸਾ ਦੇ ਸਕਦੇ ਹੋ ਕਿ ਉਹ ਸਮੇਂ ਦੇ ਨਾਲ ਬਿਹਤਰ ਮਹਿਸੂਸ ਕਰਨਗੇ।
ਤੁਸੀਂ ਕਿਸੇ ਸਦਮੇ ਵਾਲੀ ਘਟਨਾ 'ਤੇ ਕਿਵੇਂ ਪ੍ਰਤੀਕਿਰਿਆ ਕਰ ਸਕਦੇ ਹੋ?
ਤੁਹਾਡੇ ਬੱਚੇ ਦੀਆਂ ਭਾਵਨਾਵਾਂ ਅਤੇ ਵਿਵਹਾਰ ਪ੍ਰਤੀ ਤੁਹਾਡੀਆਂ ਪ੍ਰਤੀਕਿਰਿਆਵਾਂ ਉਨ੍ਹਾਂ ਦੇ ਠੀਕ ਹੋਣ ਨੂੰ ਪ੍ਰਭਾਵਿਤ ਕਰਨਗੀਆਂ। ਇਹ ਜ਼ਰੂਰੀ ਹੈ ਕਿ ਤੁਸੀਂ:
- ਉਨ੍ਹਾਂ ਦੇ ਵਿਵਹਾਰ ਵਿੱਚ ਤਬਦੀਲੀਆਂ ਬਾਰੇ ਸਮਝ ਰੱਖੋ। ਬੱਚੇ ਦੁਖਦਾਈ ਜਾਂ ਡਰਾਉਣੀਆਂ ਘਟਨਾਵਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਦੇ ਹਨ। ਉਨ੍ਹਾਂ ਦੇ ਵਿਵਹਾਰ ਵਿੱਚ ਆਏ ਬਦਲਾਅ ਜਿਵੇਂ ਕਿ ਗੁੱਸੇ ਨਾਲ ਰੋਣ-ਧੋਣ ਜਾਂ ਬਿਸਤਰਾ ਗਿੱਲਾ ਕਰਨਾ ਆਮ ਗੱਲ ਹੈ।
- ਆਪਣੇ ਬੱਚੇ ਨੂੰ ਵਾਧੂ ਧਿਆਨ ਦਿਓ। ਇਹ ਖ਼ਾਸ ਕਰਕੇ ਸੌਣ ਵੇਲੇ ਅਤੇ ਵੱਖ ਹੋਣ ਦੇ ਹੋਰ ਸਮੇਂ 'ਤੇ ਮਹੱਤਵਪੂਰਨ ਹੋ ਸਕਦਾ ਹੈ।
- ਆਪਣੇ ਆਪ ਲਈ ਵੀ ਮੱਦਦ ਲਵੋ। ਬੱਚੇ ਸੰਕਟ ਨੂੰ ਸਮਝਣ ਅਤੇ ਜਵਾਬ ਦੇਣ ਲਈ ਆਪਣੇ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਵੱਲ ਦੇਖਦੇ ਹਨ। ਉਨ੍ਹਾਂ ਨੂੰ ਆਪਣੇ ਡਰ ਨੂੰ ਸਮਝਣ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਆਪਣੇ ਆਲੇ ਦੁਆਲੇ ਬਾਲਗਾਂ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਖ਼ੁਦ ਵੀ ਤਣਾਅ ਜਾਂ ਪਰੇਸ਼ਾਨੀ ਵਿੱਚ ਹੋ, ਤਾਂ ਤੁਸੀਂ ਵੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਇਸ ਨਾਲ ਤੁਹਾਡੇ ਬੱਚੇ ਦਾ ਡਰ ਅਤੇ ਤਣਾਅ ਵੱਧ ਸਕਦਾ ਹੈ।
- ਆਪਣੇ ਬੱਚੇ ਨਾਲ ਢੁੱਕਵੇਂ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰੋ। ਇਹ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨ ਵਿੱਚ ਮੱਦਦ ਕਰ ਸਕਦਾ ਹੈ।
- ਯਾਦ ਰੱਖੋ ਕਿ ਹਰ ਕੋਈ ਵੱਖਰਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਵੀ ਵੱਖੋ-ਵੱਖਰੀਆਂ ਹੋ ਸਕਦੀਆਂ ਹਨ। ਆਪਣੇ ਬੱਚੇ ਤੋਂ ਇਹ ਉਮੀਦ ਨਾ ਰੱਖੋ ਕਿ ਉਹ ਤੁਹਾਡੇ ਵਾਂਗ ਹੀ ਮਹਿਸੂਸ ਕਰੇਗਾ।
- ਆਪਣੇ ਬੱਚੇ ਨੂੰ ਆਪਣੀ ਜ਼ਿੰਦਗੀ 'ਤੇ ਉਨ੍ਹਾਂ ਦਾ ਕੰਟਰੋਲ ਹੋਣ ਦੀ ਭਾਵਨਾ ਦਿਓ। ਛੋਟੇ-ਛੋਟੇ ਫ਼ੈਸਲੇ ਲੈਣ ਦੀ ਆਜ਼ਾਦੀ ਦੇਣ ਨਾਲ ਵੀ ਉਨ੍ਹਾਂ ਨੂੰ ਆਪਣੇ ਜੀਵਨ ਉੱਤੇ ਵਧੇਰੇ ਕੰਟਰੋਲ ਮਹਿਸੂਸ ਹੁੰਦਾ ਹੈ। ਇਹ ਖ਼ਾਸ ਕਰਕੇ ਸੰਕਟ ਦੇ ਉਥਲ-ਪੁਥਲ ਭਰੇ ਸਮੇਂ ਤੋਂ ਬਾਅਦ ਬਹੁਤ ਜ਼ਰੂਰੀ ਹੁੰਦਾ ਹੈ। ਜੋ ਬੱਚੇ ਬੇਵੱਸ ਮਹਿਸੂਸ ਕਰਦੇ ਹਨ, ਉਹ ਵਧੇਰੇ ਤਣਾਅ ਦਾ ਅਨੁਭਵ ਕਰ ਸਕਦੇ ਹਨ।
- ਆਪਣੇ ਬੱਚੇ ਲਈ ਬਹੁਤ ਜ਼ਿਆਦਾ ਰੱਖਿਆ-ਤਮਕ ਹੋਣ ਤੋਂ ਬਚੋ। ਸੰਕਟ ਤੋਂ ਬਾਅਦ ਤੁਹਾਡੇ ਲਈ ਆਪਣੇ ਪਰਿਵਾਰ ਨੂੰ ਆਪਣੇ ਨੇੜੇ ਰੱਖਣ ਦੀ ਇੱਛਾ ਆਮ ਗੱਲ ਹੈ। ਪਰ ਉਹਨਾਂ ਨੂੰ ਇਹ ਮਹਿਸੂਸ ਕਰਵਾਉਣ ਵਿੱਚ ਮੱਦਦ ਕਰਨਾ ਜ਼ਰੂਰੀ ਹੈ ਕਿ ਉਹਨਾਂ ਦੀ ਦੁਨੀਆ ਇੱਕ ਸੁਰੱਖਿਅਤ ਜਗ੍ਹਾ ਹੈ।
ਕਿਸੇ ਸਦਮੇ ਵਾਲੀ ਘਟਨਾ ਤੋਂ ਬਾਅਦ ਪਰਿਵਾਰਕ ਰੁਟੀਨ
ਇਹ ਜ਼ਰੂਰੀ ਹੈ ਕਿ ਤੁਸੀਂ:
- ਜਿੰਨਾ ਹੋ ਸਕੇ ਆਪਣੀ ਰੋਜ਼ਾਨਾ ਰੁਟੀਨ ਨੂੰ ਬਰਕਰਾਰ ਰੱਖੋ। ਇਹ ਬੱਚਿਆਂ ਨੂੰ ਭਰੋਸਾ ਦਿਵਾਉਂਦਾ ਹੈ।
- ਜੇਕਰ ਉਹ ਆਪਣੀ ਆਮ ਰੁਟੀਨ ਨਹੀਂ ਕਰ ਪਾ ਰਿਹਾ ਹੈ ਤਾਂ ਆਪਣੇ ਬੱਚੇ ਨੂੰ ਭਰੋਸਾ ਦਿਵਾਓ। ਇਸ ਵਿੱਚ ਸਕੂਲ ਜਾਣਾ ਜਾਂ ਘਰੇਲੂ ਕੰਮ ਕਰਨਾ ਸ਼ਾਮਿਲ ਹੋ ਸਕਦਾ ਹੈ।
- ਨਵੇਂ ਰੁਟੀਨ, ਜ਼ਿੰਮੇਵਾਰੀਆਂ ਜਾਂ ਉਨ੍ਹਾਂ ਦੇ ਵਿਵਹਾਰ ਲਈ ਉਮੀਦਾਂ ਵਰਗੀਆਂ ਤਬਦੀਲੀਆਂ ਲਿਆਉਣ ਤੋਂ ਬਚੋ।
- ਘਰ ਵਿੱਚ ਬਾਲਗ ਵਜੋਂ ਆਪਣੀ ਭੂਮਿਕਾ ਨੂੰ ਬਣਾਈ ਰੱਖੋ। ਜੇਕਰ ਤੁਸੀਂ ਖ਼ੁਦ ਜੱਦੋ-ਜਹਿਦ ਕਰ ਰਹੇ ਹੋ, ਤਾਂ ਸਹਾਇਤਾ ਲਈ ਆਪਣੇ ਬੱਚੇ 'ਤੇ ਨਿਰਭਰ ਨਾ ਕਰੋ।
ਆਪਣੇ ਬੱਚੇ ਨੂੰ ਇਸ ਵਿੱਚੋਂ ਉਭਰਨ ਵਿੱਚ ਕਿਵੇਂ ਮੱਦਦ ਕਰਨੀ ਹੈ:
ਇਹ ਜ਼ਰੂਰੀ ਹੈ ਕਿ ਤੁਸੀਂ:
- ਆਪਣੇ ਬੱਚੇ ਨੂੰ ਖੇਡਣ ਲਈ ਕਾਫ਼ੀ ਸਮਾਂ ਦਿਓ। ਇਸ ਵਿੱਚ ਖੇਡਾਂ, ਉਨ੍ਹਾਂ ਦੀਆਂ ਮਨਪਸੰਦ ਗੇਮਾਂ ਜਾਂ ਜਾਣ-ਪਛਾਣ ਵਾਲੇ ਦੋਸਤਾਂ ਨਾਲ ਗਤੀਵਿਧੀਆਂ ਕਰਨਾ ਸ਼ਾਮਲ ਹੋ ਸਕਦੀਆਂ ਹਨ।
- ਮਨੋਰੰਜਨ ਲਈ ਸਮਾਂ ਦਿਓ। ਹਾਸਾ, ਚੰਗਾ ਸਮਾਂ ਅਤੇ ਸਾਂਝਾ ਆਨੰਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ।
- ਯਾਦ ਰੱਖੋ ਕਿ ਤੁਹਾਡੇ ਬੱਚੇ ਦੀ ਭੁੱਖ ਬਦਲ ਸਕਦੀ ਹੈ। ਜੇਕਰ ਉਹ ਖਾਣੇ ਦੇ ਸਮੇਂ ਉਨ੍ਹਾਂ ਖਾਣ ਨੂੰ ਮਨ ਨਹੀਂ ਕਰਦਾ, ਤਾਂ ਉਨ੍ਹਾਂ ਨੂੰ ਦਿਨ ਭਰ ਦੌਰਾਨ ਹਲਕੇ-ਫੁਲਕੇ ਨਾਸ਼ਤੇ ਦੇਣਾ ਚੰਗਾ ਰਹੇਗਾ।
- ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਕਾਫ਼ੀ ਆਰਾਮ ਅਤੇ ਨੀਂਦ ਮਿਲੇ।
- ਉਨ੍ਹਾਂ ਦੀ ਸਰੀਰਕ ਕਸਰਤ ਕਰਨ ਵਿੱਚ ਮੱਦਦ ਕਰੋ। ਇਸ ਨਾਲ ਤੁਹਾਡੇ ਬੱਚੇ ਨੂੰ ਤਣਾਅ ਘੱਟ ਹੋਣ ਵਿੱਚ ਮੱਦਦ ਮਿਲੇਗੀ ਅਤੇ ਉਨ੍ਹਾਂ ਦੀ ਨੀਂਦ ਵਿੱਚ ਸੁਧਾਰ ਹੋਵੇਗਾ।
- ਖੰਡ, ਰੰਗ ਵਾਲੀਆਂ ਚੀਜ਼ਾਂ ਅਤੇ ਚਾਕਲੇਟ ਦੀ ਮਾਤਰਾ ਘਟਾਓ।
- ਆਪਣੇ ਬੱਚੇ ਨੂੰ ਸਰੀਰਕ ਤੌਰ 'ਤੇ ਆਰਾਮ ਕਰਨ ਵਿੱਚ ਮੱਦਦ ਕਰੋ। ਇਹ ਗਰਮ ਇਸ਼ਨਾਨ, ਮਾਲਿਸ਼, ਕਹਾਣੀ ਦੇ ਸਮੇਂ ਅਤੇ ਢੇਰ ਸਾਰੀਆਂ ਜੱਫੀਆਂ ਪਾਉਣ ਨਾਲ ਹੋ ਸਕਦਾ ਹੈ।
- ਜੇਕਰ ਕੋਈ ਗਤੀਵਿਧੀ ਉਨ੍ਹਾਂ ਨੂੰ ਚਿੰਤਤ ਜਾਂ ਉਦਾਸ ਕਰਦੀ ਹੈ ਤਾਂ ਉਸ ਗਤੀਵਿਧੀ ਨੂੰ ਬਦਲੋ। ਉਦਾਹਰਨ ਵਜੋਂ, ਇੱਕ ਟੈਲੀਵਿਜ਼ਨ ਸ਼ੋਅ ਜੋ ਤੁਹਾਡੇ ਬੱਚੇ ਨੂੰ ਬੇਚੈਨ ਕਰਦਾ ਜਾਂ ਡਰਾਉਂਦਾ ਹੈ।
ਜੇਕਰ ਤੁਸੀਂ ਕਿਸੇ ਵੀ ਸਮੇਂ ਆਪਣੀ ਮਾਨਸਿਕ ਸਿਹਤ ਜਾਂ ਕਿਸੇ ਅਜ਼ੀਜ਼ ਦੀ ਮਾਨਸਿਕ ਸਿਹਤ ਬਾਰੇ ਚਿੰਤਤ ਹੋਵੋ, ਤਾਂ ਕਿਰਪਾ ਕਰਕੇ Lifeline (ਲਾਈਫ਼ਲਾਈਨ) ਨੂੰ 13 11 14 'ਤੇ ਫ਼ੋਨ ਕਰੋ।
ਮੱਦਦ ਕਿੱਥੋਂ ਲੈਣੀ ਹੈ
- ਤੁਹਾਡਾ GP (ਡਾਕਟਰ)
- ਤੁਹਾਡੀ ਜੱਚਾ-ਬੱਚਾ ਸਿਹਤ ਨਰਸ
- ਤੁਹਾਡਾ ਸਥਾਨਕ ਭਾਈਚਾਰਕ ਸਿਹਤ ਕੇਂਦਰ
- ਬਾਲ ਰੋਗ ਵਿਗਿਆਨੀ ਜਾਂ ਬਾਲ ਅਤੇ ਕਿਸ਼ੋਰ ਮਨੋਵਿਗਿਆਨੀ - ਤੁਹਾਡਾ ਡਾਕਟਰ ਤੁਹਾਨੂੰ ਰੈਫ਼ਰ ਕਰ ਸਕਦਾ ਹੈ
- Phoenix Australia Centre for Post-traumatic Mental Health (ਫੀਨਿਕਸ ਆਸਟ੍ਰੇਲੀਆ ਸੈਂਟਰ ਫਾਰ ਪੋਸਟ-ਟਰਾਮੈਟਿਕ ਮੈਂਟਲ ਹੈਲਥ)ਟੈਲੀਫ਼ੋਨ: (03) 9035 5599
- Centre for Grief and Bereavement (ਸੋਗ ਅਤੇ ਮਾਤਮ ਲਈ ਕੇਂਦਰ) ਟੈਲੀਫ਼ੋਨ: 1800 642 066
ਤੁਸੀਂ ਇਨ੍ਹਾਂ ਤੋਂ ਵੀ ਸਲਾਹ ਲੈ ਸਕਦੇ ਹੋ:
- Lifeline (ਲਾਈਫ਼ਲਾਈਨ) ਟੈਲੀਫ਼ੋਨ: 13 11 14
- GriefLine (ਗਰੀਫ਼ਲਾਈਨ) ਟੈਲੀਫ਼ੋਨ: 1300 845 745
- beyondblue (ਬਿਓਂਡ ਬਲੂ) ਟੈਲੀਫ਼ੋਨ: 1300 22 4636
- Kids Helpline (ਕਿੱਡਜ਼ ਹੈਲਪਲਾਈਨ) ਟੈਲੀਫ਼ੋਨ: 1800 55 1800
- NURSE-ON-CALL (ਨਰਸ-ਔਨ-ਕਾਲ) ਟੈਲੀਫ਼ੋਨ: 1300 60 60 24 – ਮਾਹਰ ਨਰਸਾਂ ਵੱਲੋਂ ਸਿਹਤ ਸੰਬੰਧੀ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ ਉਪਲਬਧ)
- ਆਸਟ੍ਰੇਲੀਆਈ ਪਾਲਣ-ਪੋਸ਼ਣ ਸੰਬੰਧੀ ਵੈੱਬਸਾਈਟ – raisingchildren.net.au